250 ਨਰਸਿੰਗ ਅਫਸਰਾਂ ਨੂੰ ਨਿਯੁਕਤੀ ਪੱਤਰ ਸੌਂਪੇ

0
184

ਫਰੀਦਕੋਟ (ਡਿਸੂਜਾ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ੱੁਕਰਵਾਰ ਪੰਜਾਬ ‘ਚ ਸਮਾਜਿਕ ਅਲਾਮਤਾਂ ਨੂੰ ਜੜ੍ਹੋਂ ਪੁੱਟ ਕੇ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਪੰਜਾਬ ਵਾਸੀਆਂ ਨੂੰ ਮੋਢੇ ਨਾਲ ਮੋਢਾ ਜੋੜ ਕੇ ਸਹਿਯੋਗ ਕਰਨ ਦਾ ਸੱਦਾ ਦਿੱਤਾ | ਜੱਚਾ-ਬੱਚਾ ਕੇਂਦਰ ਦਾ ਉਦਘਾਟਨ ਅਤੇ 250 ਨਰਸਿੰਗ ਅਫਸਰਾਂ ਨੂੰ ਨਿਯੁਕਤੀ ਪੱਤਰ ਸੌਂਪਣ ਤੋਂ ਬਾਅਦ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਵਿਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬੀਆਂ ਨੂੰ ਆਪਣੀ ਪਸੰਦ ਦੇ ਹਰ ਖੇਤਰ ਵਿੱਚ ਮੱਲਾਂ ਮਾਰਨ ਦੇ ਅਦੁੱਤੀ ਜਜ਼ਬੇ ਦੀ ਬਖਸ਼ਿਸ਼ ਹਾਸਲ ਹੈ | ਮੁੱਖ ਮੰਤਰੀ ਨੇ ਉਮੀਦ ਪ੍ਰਗਟਾਈ ਕੀਤੀ ਕਿ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਅੱਜ ਜੱਚਾ-ਬੱਚਾ ਕੇਂਦਰ ਲੋਕਾਂ ਨੂੰ ਸਮਰਪਤ ਕੀਤਾ ਗਿਆ ਹੈ | ਉਨ੍ਹਾ ਕਿਹਾ ਕਿ ਇਹ ਨਵਾਂ ਬਣਿਆ ਹਸਪਤਾਲ ਗਰਭਵਤੀ ਔਰਤਾਂ ਅਤੇ ਨਵਜੰਮੇ ਬੱਚਿਆਂ ਨੂੰ ਚੰਗੀਆਂ ਸਿਹਤ ਸੇਵਾਵਾਂ ਮੁਹੱਈਆ ਕਰਨ ਲਈ ਬਹੁਤ ਸਹਾਈ ਸਿੱਧ ਹੋਵੇਗਾ | ਮਾਨ ਨੇ ਕਿਹਾ ਕਿ ਇਸ ਕਦਮ ਦਾ ਉਦੇਸ਼ ਲੋਕਾਂ ਨੂੰ ਇਨ੍ਹਾਂ ਹਸਪਤਾਲਾਂ ਵਿੱਚ ਚੰਗਾ ਇਲਾਜ ਦੇਣਾ ਹੈ |
ਮੁੱਖ ਮੰਤਰੀ ਨੇ ਨਵ-ਨਿਯੁਕਤ 250 ਨਰਸਿੰਗ ਅਫਸਰਾਂ ਨੂੰ ਵਧਾਈ ਦਿੰਦਿਆਂ ਮਿਸ਼ਨਰੀ ਭਾਵਨਾ ਨਾਲ ਲੋਕਾਂ ਦੀ ਸੇਵਾ ਕਰਨ ਲਈ ਪ੍ਰੇਰਿਆ ਕਿਉਂਕਿ ਹੁਣ ਉਹ ਸਰਕਾਰ ਦਾ ਅਨਿੱਖੜਵਾਂ ਅੰਗ ਬਣ ਚੁੱਕੇ ਹਨ | ਭਗਵੰਤ ਮਾਨ ਨੇ ਉਮੀਦ ਪ੍ਰਗਟਾਈ ਕਿ ਨਵੇਂ ਭਰਤੀ ਹੋਣ ਵਾਲੇ ਨੌਜਵਾਨ ਆਪਣੀ ਨੌਕਰੀ ਦੌਰਾਨ ਸਮਾਜ ਦੇ ਲੋੜਵੰਦ ਅਤੇ ਪਛੜੇ ਵਰਗਾਂ ਦੀ ਮਦਦ ਕਰਨਗੇ | ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਬਣਨ ਤੋਂ ਲੈ ਕੇ ਹੁਣ ਤੱਕ ਦੇ ਸਮੇਂ ਅੰਦਰ ਯੋਗ ਨੌਜਵਾਨਾਂ ਨੂੰ 37000 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਹਨ | ਜਿਹੜੇ ਨੌਜਵਾਨ ਅਜੇ ਵੀ ਸਰਕਾਰੀ ਨੌਕਰੀਆਂ ਲਈ ਇਮਤਿਹਾਨ ਪਾਸ ਨਹੀਂ ਕਰ ਸਕੇ, ਉਨ੍ਹਾਂ ਨੂੰ ਹੌਸਲਾ ਨਹੀਂ ਹਾਰਨਾ ਚਾਹੀਦਾ ਅਤੇ ਸਖਤ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ, ਕਿਉਂਕਿ ਹਜ਼ਾਰਾਂ ਸਰਕਾਰੀ ਨੌਕਰੀਆਂ ਲਈ ਭਰਤੀ ਪ੍ਰਕਿਰਿਆ ਜਾਰੀ ਹੈ |

LEAVE A REPLY

Please enter your comment!
Please enter your name here