ਰਾਇਪੁਰ : ਆਦਿਵਾਸੀ ਚਿਹਰੇ ਤੇ ਸਾਬਕਾ ਕੇਂਦਰੀ ਮੰਤਰੀ ਵਿਸ਼ਣੂ ਦਿਓ ਸਾਏ ਛੱਤੀਸਗੜ੍ਹ ਦੇ ਨਵੇਂ ਮੁੱਖ ਮੰਤਰੀ ਹੋਣਗੇ। ਭਾਜਪਾ ਦੇ ਕੇਂਦਰੀ ਅਬਜ਼ਰਵਰਾਂ ਨੇ ਪਾਰਟੀ ਵਿਧਾਇਕਾਂ ਦੀ ਰਾਇ ਜਾਨਣ ਤੋਂ ਬਾਅਦ ਉਨ੍ਹਾ ਦੇ ਨਾਂਅ ਦਾ ਐਲਾਨ ਕੀਤਾ। ਮੁਕਾਬਲਾ ਸਾਬਕਾ ਮੁੱਖ ਮੰਤਰੀ ਰਮਨ ਸਿੰਘ ਤੇ ਰੇਣੂਕਾ ਸਿੰਘ ਵਿਚਾਲੇ ਦੱਸਿਆ ਜਾ ਰਿਹਾ ਸੀ, ਪਰ ਸਾਏ ਛੁਪੇ ਰੁਸਤਮ ਨਿਕਲੇ। ਕਾਂਗਰਸ ਦੇੇ ਅਜੀਤ ਯੋਗੀ ਤੋਂ ਬਾਅਦ ਸਾਏ ਸੂਬੇ ਦੇ ਦੂਜੇ ਆਦਿਵਾਸੀ ਮੁੱਖ ਮੰਤਰੀ ਹੋਣਗੇ। ਉਹ ਪਹਿਲੀ ਮੋਦੀ ਵਜ਼ਾਰਤ ਵਿਚ ਸਟੀਲ ਰਾਜ ਮੰਤਰੀ ਰਹਿ ਚੁੱਕੇ ਹਨ। ਉਹ ਰਾਇਗੜ੍ਹ ਸੀਟ ਤੋਂ 1999 ਤੋਂ 2014 ਤੱਕ ਚਾਰ ਵਾਰ ਲੋਕ ਸਭਾ ਮੈਂਬਰ ਰਹੇ। 2019 ਵਿਚ ਉਨ੍ਹਾ ਨੂੰ ਟਿਕਟ ਨਹੀਂ ਦਿੱਤੀ ਗਈ ਸੀ। ਸਾਏ ਕੁਨਕੁਰੀ ਹਲਕੇ ਵਿਚ ਕਾਂਗਰਸ ਦੇ ਸਿਟਿੰਗ ਵਿਧਾਇਕ ਯੂ ਡੀ ਮਿੰਜ ਨੂੰ ਹਰਾ ਕੇ ਵਿਧਾਇਕ ਚੁਣੇ ਗਏ ਹਨ। ਉਹ ਆਰ ਐੱਸ ਐੱਸ ਦੇ ਬੇਹੱਦ ਕਰੀਬੀ ਹਨ। ਪਿਛਲੇ ਮਹੀਨੇ ਕੁਨਕੁਰੀ ਵਿਚ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੋਟਰਾਂ ਨੂੰ ਕਿਹਾ ਸੀ ਕਿ ਉਹ ਸਾਏ ਨੂੰ ਜਿਤਾਉਣ, ਬਾਅਦ ਵਿਚ ਉਨ੍ਹਾ ਨੂੰ ਵੱਡਾ ਬੰਦਾ ਬਣਾਇਆ ਜਾਵੇਗਾ।
ਭਾਜਪਾ ਨੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਦਾ ਫੈਸਲਾ ਤਾਂ ਕਰ ਦਿੱਤਾ ਹੈ, ਪਰ ਰਾਜਸਥਾਨ ਤੇ ਮੱਧ ਪ੍ਰਦੇਸ਼ ਵਿਚ ਪੇਚ ਫਸਿਆ ਹੋਇਆ ਹੈ।
ਰਾਜਸਥਾਨ ਵਿਚ ਮੁੱਖ ਮੰਤਰੀ ਦੀ ਚੋਣ ਲਈ ਸੋਮਵਾਰ ਮੀਟਿੰਗ ਹੋਣੀ ਸੀ, ਪਰ ਮੰਗਲਵਾਰ ਤੱਕ ਲਈ ਟਲ ਗਈ। ਦੱਸਿਆ ਇਹ ਗਿਆ ਹੈ ਕਿ ਆਬਜ਼ਰਵਰ ਰਾਜਨਾਥ ਸਿੰਘ ਦਾ ਲਖਨਊ ਵਿਚ ਪ੍ਰੋਗਰਾਮ ਫਿਕਸ ਹੋਣ ਕਰਕੇ ਮੀਟਿੰਗ ਟਾਲਣੀ ਪਈ ਹੈ, ਪਰ ਉੱਥੇ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਸਿੰਧੀਆ ਨੇ ਹਾਈਕਮਾਨ ਦੀ ਸਿਰਦਰਦੀ ਵਧਾਈ ਹੋਈ ਹੈ। ਹਾਈਕਮਾਨ ਐਤਕੀਂ ਉਨ੍ਹਾ ਦੀ ਥਾਂ ਕਿਸੇ ਹੋਰ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੀ ਹੈ, ਕਿਉਕਿ ਵਸੁੰਧਰਾ ਦੀ ਵੱਡੇ ਆਗੂਆਂ ਨਾਲ ਖਾਸ ਨਹੀਂ ਬਣਦੀ। ਸਿਆਸੀ ਵਿਸ਼ਲੇਸ਼ਕਾਂ ਮੁਤਾਬਕ ਵਸੁੰਧਰਾ ਮੋਦੀ-ਸ਼ਾਹ ਨੂੰ ਚੁਣੌਤੀ ਦੇ ਰਹੀ ਹੈ। ਬਹੁਤੇ ਵਿਧਾਇਕ ਉਨ੍ਹਾ ਨਾਲ ਦੱਸੇ ਜਾ ਰਹੇ ਹਨ। ਐਤਵਾਰ ਵੀ ਜੈਪੁਰ ਵਿਚ ਉਨ੍ਹਾ ਦੀ ਕੋਠੀ ਵਿਚ ਵਿਧਾਇਕਾਂ ਦਾ ਜਮਾਵੜਾ ਰਿਹਾ। ਮੱਧ ਪ੍ਰਦੇਸ਼ ਵਿਚ ਵੀ ਹਾਈਕਮਾਨ ਕਈ ਸਾਲਾਂ ਤੋਂ ਮੁੱਖ ਮੰਤਰੀ ਚਲੇ ਆ ਰਹੇ ਸ਼ਿਵਰਾਜ ਚੌਹਾਨ ਦੀ ਥਾਂ ਨਵਾਂ ਚਿਹਰਾ ਲਿਆਉਣਾ ਚਾਹ ਰਹੀ ਹੈ, ਪਰ ਚੌਹਾਨ ਨੂੰ ਨਜ਼ਰਅੰਦਾਜ਼ ਕਰਨਾ ਸੌਖਾ ਨਹੀਂ।





