ਹੈਦਰਾਬਾਦ : ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੁਰਾਮ ਰਾਜਨ ਨੇ ਕਿਹਾ ਕਿ ਜੇ ਵਿਕਾਸ ਦਰ 6 ਫੀਸਦੀ ਰਹਿੰਦੀ ਹੈ ਤਾਂ ਭਾਰਤ 2047 ਤੱਕ (ਅੰਮਿ੍ਰਤ ਕਾਲ) ਆਬਾਦੀ ਵਿਚ ਵਾਧਾ ਨਾ ਹੋਣ ਦੇ ਬਾਵਜੂਦ ਨਿਮਨ ਮੱਧ ਵਰਗੀ (ਲੋਅਰ ਮਿਡਲ) ਦੇਸ਼ ਹੀ ਰਹੇਗਾ। ਇੱਥੇ ਮੰਥਨ ਵੱਲੋਂ ਆਯੋਜਿਤ ਪ੍ਰੋਗਰਾਮ ਵਿਚ ਰਾਜਨ ਨੇ ਕਿਹਾ ਕਿ ਜੇ ਦੇਸ਼ ਨੇ ਤੇਜ਼ੀ ਨਾਲ ਵਿਕਾਸ ਨਾ ਕੀਤਾ ਤਾਂ ਇਹ ਅਮੀਰ ਹੋਣ ਦੀ ਥਾਂ ਬੁੱਢਾ ਹੋ ਜਾਵੇਗਾ। ਮਤਲਬ ਇਸ ਨੂੰ ਬਜ਼ੁਰਗਾਂ ਨੂੰ ਸਾਂਭਣ ਦੀਆਂ ਸਮੱਸਿਆਵਾਂ ਨਾਲ ਦੋ-ਚਾਰ ਹੋਣਾ ਪਵੇਗਾ। ਉਨ੍ਹਾ ਕਿਹਾ ਕਿ ਪਿਛਲੀਆਂ ਦੋ ਤਿਮਾਹੀਆਂ ਦੌਰਾਨ ਕੁਲ ਘਰੇਲੂ ਪੈਦਾਵਾਰ (ਜੀ ਡੀ ਪੀ) ਦੀ ਵਾਧਾ ਦਰ 7.5 ਫੀਸਦੀ ਰਹੀ ਹੈ। ਜੇ ਇਸ ਵਿਚ ਲੇਬਰ ਦੀ ਭਾਈਵਾਲੀ ਦੇਖੀ ਜਾਵੇ ਤਾਂ ਇਹ ਬਹੁਤ ਹੇਠਲੀ ਪੱਧਰ ਦੀ ਹੈ ਤੇ ਜੇ ਮਹਿਲਾ ਵਰਕਰਾਂ ਦੀ ਭਾਈਵਾਲੀ ਦੇਖੀ ਜਾਵੇ ਤਾਂ ਇਹ ਜੀ-20 ਦੇਸ਼ਾਂ ਦੇ ਗਰੁੱਪ ਵਿਚ ਸਭ ਤੋਂ ਹੇਠਲੀ ਪੱਧਰ ਦੀ ਹੈ। ਉਨ੍ਹਾ ਕਿਹਾਇਸ ਵੇਲੇ ਭਾਰਤ ਦੀ ਸੰਭਾਵਤ ਵਿਕਾਸ ਦਰ ਸਾਲਾਨਾ ਕਰੀਬ 6 ਫੀਸਦੀ ਹੈ। ਇਹ ਦਰ ਸਾਰੀ ਲੇਬਰ ਫੋਰਸ ਨੂੰ ਖਪਾਉਣ ਲਈ ਕਾਫੀ ਨਹੀਂ। ਇਸ ਨਾਲ ਦੇਸ਼ ਬੁੱਢਾ ਹੋਣ ਤੋਂ ਪਹਿਲਾਂ ਅਮੀਰ ਨਹੀਂ ਬਣਨਾ।


