ਸ੍ਰੀਨਗਰ : ਸ਼ਹਿਰ ਦੇ ਬੈਮਿਨਾ ਇਲਾਕੇ ’ਚ ਪੁਲਸ ਮੁਲਾਜ਼ਮ ’ਤੇ ਪਿਛਲੇ ਹਫਤੇ ਹੋਏ ਹਮਲੇ ’ਚ ਕਥਿਤ ਤੌਰ ’ਤੇ ਸ਼ਾਮਲ ਤਿੰਨ ‘ਹਾਈਬਿ੍ਰਡ’ ਦਹਿਸ਼ਤਗਰਦਾਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਜੰਮੂ ਅਤੇ ਕਸ਼ਮੀਰ ਦੇ ਡੀ ਜੀ ਪੀ ਸ੍ਰੀ ਆਰ ਆਰ ਸਵੈਨ ਨੇ ਐਤਵਾਰ ਇਹ ਜਾਣਕਾਰੀ ਦਿੱਤੀ। ਕਾਂਸਟੇਬਲ ਮੁਹੰਮਦ ਹਫੀਜ਼ ਚਕ ’ਤੇ 9 ਦਸੰਬਰ ਨੂੰ ਉਸ ਸਮੇਂ ਹਮਲਾ ਹੋਇਆ, ਜਦੋਂ ਉਹ ਡਿਊਟੀ ਤੋਂ ਘਰ ਪਰਤ ਰਿਹਾ ਸੀ। ਡੀ ਜੀ ਪੀ ਨੇ ਦੱਸਿਆ ਕਿ ਹਮਲੇ ਦੀ ਸਾਜ਼ਿਸ਼ ਪਾਕਿਸਤਾਨ ਅਧਾਰਤ ਦਹਿਸ਼ਤਗਰਦ ਅਰਜੁਮੰਦ ਉਰਫ ਹਮਜ਼ਾ ਬੁਰਹਾਨ ਨੇ ਘੜੀ ਸੀ, ਜੋ ਇੱਕ ਸਥਾਨਕ ਸਰਗਨੇ ਦਾਨਿਸ਼ ਅਹਿਮਦ ਦੇ ਸੰਪਰਕ ’ਚ ਸੀ। ਪੁਲਸ ਨੇ ਦੱਸਿਆ ਕਿ ‘ਹਾਈਬਿ੍ਰਡ’ ਦਹਿਸ਼ਤਗਰਦ ਉਹ ਹੁੰਦੇ ਹਨ, ਜੋ ਹਮਲੇ ਕਰਦੇ ਹਨ ਅਤੇ ਫਿਰ ਆਪਣੀ ਆਮ ਜ਼ਿੰਦਗੀ ’ਚ ਵਾਪਸ ਚਲੇ ਜਾਂਦੇ ਹਨ।


