‘ਭਾਰਤ ਜੋੜੋ ਯਾਤਰਾ’ ਦੇ ਦੂਜੇ ਪੜਾਅ ਦੀ ਸ਼ੁਰੂਆਤ ਜਨਵਰੀ ਦੇ ਪਹਿਲੇ ਹਫ਼ਤੇ
ਨਵੀਂ ਦਿੱਲੀ : ਕਾਂਗਰਸ ‘ਭਾਰਤ ਜੋੜੋ ਯਾਤਰਾ’ ਦਾ ਦੂਜਾ ਪੜਾਅ ਉੱਤਰ-ਪੂਰਬ ਤੋਂ ਜਨਵਰੀ ਦੇ ਪਹਿਲੇ ਹਫਤੇ ਸ਼ੁਰੂ ਕਰ ਸਕਦੀ ਹੈ। ਰਾਹੁਲ ਗਾਂਧੀ ਦੀ ਅਗਵਾਈ ਦੇ ਪਹਿਲੇ ਗੇੜ ਦੀ ਭਾਰਤ ਜੋੜੋ ਯਾਤਰਾ ਲੰਘੇ ਵਰ੍ਹੇ 7 ਸਤੰਬਰ ਨੂੰ ਤਾਮਿਲਨਾਡੂ ਦੇ ਕੰਨਿਆਕੁਮਾਰੀ ਤੋਂ ਆਰੰਭ ਹੋਈ ਸੀ ਅਤੇ 30 ਜਨਵਰੀ ਨੂੰ ਸ੍ਰੀਨਗਰ ਵਿਚ ਖਤਮ ਹੋਈ ਸੀ।
ਕਾਂਗਰਸੀ ਸੂਤਰਾਂ ਨੇ ਦੱਸਿਆ ਕਿ ਪਾਰਟੀ ਨੇ ਜਨਵਰੀ ਦੇ ਪਹਿਲੇ ਹਫਤੇ ਤੋਂ ਯਾਤਰਾ ਦੇ ਦੂਜੇ ਗੇੜ ਦੀ ਯੋਜਨਾ ਉਲੀਕੀ ਹੈ। ਇਸ ਨਾਲ ਪਾਰਟੀ ਲੋਕ ਸਭਾ ਚੋਣਾਂ ਦੀ ਮੁਹਿੰਮ ਦੀ ਸ਼ੁਰੂਆਤ ਕਰੇਗੀ।
ਇਸ ਵਾਰ ਭਾਰਤ ਜੋੜੋ ਯਾਤਰਾ ਵਿਚ ਪੈਦਲ ਯਾਤਰਾ ਤੇ ਬੱਸ ਨਾਲ ਯਾਤਰਾ ਵੀ ਸ਼ਾਮਲ ਹੋਵੇਗੀ। ਪੈਦਲ ਯਾਤਰਾ ਪੱਛਮੀ ਤੇ ਉੱਤਰ ਭਾਰਤ ਦੇ ਕਈ ਸ਼ਹਿਰਾਂ ਤੇ ਪਿੰਡਾਂ ਵਿੱਚੋਂ ਹੋ ਕੇ ਲੰਘੇਗੀ। ਯਾਤਰਾ ਦੋ ਮਹੀਨਿਆਂ ਤੋਂ ਵੱਧ ਸਮੇਂ ਤੱਕ ਚੱਲੇਗੀ।
ਇਸੇ ਦੌਰਾਨ ਕਾਂਗਰਸ ਨੇ 2024 ਦੀਆਂ ਆਮ ਚੋਣਾਂ ਦੀ ਰਣਨੀਤੀ ਅਤੇ ਭਾਜਪਾ ਨੂੰ ਟੱਕਰ ਦੇਣ ਲਈ ਚੋਣ ਮੁਹਿੰਮ ਦੀ ਯੋਜਨਾ ਘੜਨ ਵਾਸਤੇ 21 ਦਸੰਬਰ ਨੂੰ ਆਪਣੀ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾਈ ਹੈ। ਇਹ ਮੀਟਿੰਗ 19 ਦਸੰਬਰ ਨੂੰ ਵਿਰੋਧੀ ਗਠਜੋੋੜ ‘ਇੰਡੀਆ’ ਦੀ ਮੀਟਿੰਗ ਤੋਂ ਦੋ ਦਿਨ ਬਾਅਦ ਹੋਵੇਗੀ ਅਤੇ ਇਸ ਦੌਰਾਨ ਸੀਟਾਂ ਦੀ ਵੰਡ ਅਤੇ ਚੋਣ ਪ੍ਰਚਾਰ ’ਤੇ ਚਰਚਾ ਹੋਣ ਦੀ ਸੰਭਾਵਨਾ ਹੈ।



