ਵਾਰਾਣਸੀ : ਭਾਰਤੀ ਪੁਰਾਤੱਤਵ ਸਰਵੇਖਣ (ਏ ਐੱਸ ਆਈ) ਨੇ ਸੋਮਵਾਰ ਜ਼ਿਲ੍ਹਾ ਅਦਾਲਤ ’ਚ ਗਿਆਨਵਾਪੀ ਮਸਜਿਦ ਕੰਪਲੈਕਸ ਬਾਰੇ ਆਪਣੀ ਸਰਵੇਖਣ ਰਿਪੋਰਟ ਪੇਸ਼ ਕੀਤੀ, ਜਿਸ ਦੀ ਅਗਲੀ ਸੁਣਵਾਈ 21 ਦਸੰਬਰ ਨੂੰ ਤੈਅ ਕੀਤੀ ਗਈ ਹੈ। ਹਿੰਦੂ ਪਟੀਸ਼ਨਰਾਂ ਦੀ ਨੁਮਾਇੰਦਗੀ ਕਰ ਰਹੇ ਵਕੀਲ ਮਦਨ ਮੋਹਨ ਯਾਦਵ ਨੇ ਕਿਹਾ-ਸੀਲਬੰਦ ਰਿਪੋਰਟ ਏ ਐੱਸ ਆਈ ਦੇ ਵਕੀਲ ਅਮਿਤ ਸ੍ਰੀਵਾਸਤਵ ਵੱਲੋਂ ਅਦਾਲਤ ਦੇ ਸਾਹਮਣੇ ਰੱਖੀ ਗਈ। ਅਦਾਲਤ ਨੇ ਸੀਲਬੰਦ ਰਿਪੋਰਟ ਨੂੰ ਖੋਲ੍ਹਣ ਅਤੇ ਇਸ ਦੀਆਂ ਕਾਪੀਆਂ ਕਿਸੇ ਵੀ ਪੱਖ ਦੇ ਵਕੀਲਾਂ ਨੂੰ ਸੌਂਪਣ ਲਈ 21 ਦਸੰਬਰ ਦੀ ਤਰੀਕ ਤੈਅ ਕੀਤੀ ਹੈ। ਏ ਐੱਸ ਆਈ ਨੇ ਕਾਸ਼ੀ ਵਿਸ਼ਵਨਾਥ ਮੰਦਰ ਦੇ ਕੋਲ ਸਥਿਤ ਗਿਆਨਵਾਪੀ ਕੰਪਲੈਕਸ ਦਾ ਵਿਗਿਆਨਕ ਸਰਵੇਖਣ ਇਹ ਪਤਾ ਲਗਾਉਣ ਲਈ ਕੀਤਾ ਕਿ ਕੀ 17ਵੀਂ ਸਦੀ ਦੀ ਮਸਜਿਦ, ਮੰਦਰ ਦੇ ਪਹਿਲਾਂ ਤੋਂ ਮੌਜੂਦ ਢਾਂਚੇ ਉੱਤੇ ਬਣਾਈ ਗਈ ਸੀ ਜਾਂ ਨਹੀਂ। ਇਹ ਸਰਵੇਖਣ ਵਾਰਾਣਸੀ ਦੀ ਅਦਾਲਤ ਦੇ ਹੁਕਮਾਂ ’ਤੇ ਕੀਤਾ ਗਿਆ ਸੀ।




