‘ਇੰਡੀਆ’ ਨੇ ਖਿੱਚੀ ਤਿਆਰੀ

0
242

ਨਵੀਂ ਦਿੱਲੀ : ਆਪੋਜ਼ੀਸ਼ਨ ਪਾਰਟੀਆਂ ਦੇ ਗੱਠਜੋੜ ‘ਇੰਡੀਆ’ ਦੀ ਮੰਗਲਵਾਰ ਇਥੇ ਹੋਈ ਚੌਥੀ ਮੀਟਿੰਗ ਵਿਚ ਲੋਕ ਸਭਾ ਚੋਣਾਂ ਲਈ ਸੀਟਾਂ ਦੀ ਵੰਡ ਬਾਰੇ ਗੱਲਬਾਤ ਹੋਈ, ਪਰ ਕੋਈ ਅੰਤਮ ਨਤੀਜਾ ਨਹੀਂ ਨਿਕਲਿਆ। ਮੀਟਿੰਗ ਦੇ ਬਾਅਦ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪ੍ਰੈੱਸ ਕਾਨਫਰੰਸ ਵਿਚ ਦੱਸਿਆ ਕਿ ਸੀਟਾਂ ਦੀ ਵੰਡ ਸੂਬਾ ਪੱਧਰ ’ਤੇ ਹੋਵੇਗੀ ਅਤੇ ਜੇ ਕੋਈ ਮੁੱਦਾ ਸਾਹਮਣੇ ਆਉਦਾ ਹੈ ਤਾਂ ਉਸ ਨੂੰ ਕੇਂਦਰੀ ਪੱਧਰ ’ਤੇ ਨਜਿੱਠਿਆ ਜਾਵੇਗਾ।
ਮਮਤਾ ਬੈਨਰਜੀ ਤੇ ਅਰਵਿੰਦ ਕੇਜਰੀਵਾਲ ਵੱਲੋਂ ਖੜਗੇ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਦਲਿਤ ਚਿਹਰੇ ਵਜੋਂ ਅੱਗੇ ਕਰਨ ਦੇ ਸੰਬੰਧ ਵਿਚ ਖੜਗੇ ਨੇ ਇਹ ਅਹਿਮ ਗੱਲ ਵੀ ਕਹੀਮੈਂ ਦੱਬੇ-ਕੁਚਲਿਆਂ ਲਈ ਕੰਮ ਕਰਦਾ ਹਾਂ, ਪਰ ਪਹਿਲਾਂ ਸਾਨੂੰ ਜਿੱਤਣਾ ਹੋਵੇਗਾ, ਬਾਅਦ ਵਿਚ ਤੈਅ ਕਰਾਂਗੇ ਕਿ ਪ੍ਰਧਾਨ ਮੰਤਰੀ ਕੌਣ ਹੋਵੇਗਾ। ਜੇ ਸਾਡੇ ਸਾਂਸਦ ਹੀ ਨਹੀਂ ਹੋਣਗੇ ਤਾਂ ਪ੍ਰਧਾਨ ਮੰਤਰੀ ਦੀ ਗੱਲ ਕਰਨ ਦਾ ਕੀ ਫਾਇਦਾ?
ਉਨ੍ਹਾ ਦੱਸਿਆ ਕਿ ਦੇਸ਼ ਭਰ ਵਿਚ ਇੰਡੀਆ ਦੀਆਂ ਘੱਟੋ-ਘੱਟ 8-10 ਮੀਟਿੰਗਾਂ ਹੋਣਗੀਆਂ। ਮੀਟਿੰਗ ਵਿਚ 28 ਆਪੋਜ਼ੀਸ਼ਨ ਪਾਰਟੀਆਂ ਦੇ ਆਗੂਆਂ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ ਇੰਡੀਆ ਨੂੰ ਕਿਵੇਂ ਅੱਗੇ ਵਧਾਉਣਾ ਹੈ। ਪਾਰਟੀਆਂ ਨੇ ਸਾਂਸਦਾਂ ਦੀ ਮੁਅੱਤਲੀ ਦੀ ਨਿੰਦਾ ਕਰਦਾ ਮਤਾ ਵੀ ਪਾਸ ਕੀਤਾ ਅਤੇ ਇਸ ਵਿਰੁੱਧ 22 ਦਸੰਬਰ ਨੂੰ ਦੇਸ਼ਵਿਆਪੀ ਪ੍ਰੋਟੈੱਸਟ ਕਰਨ ਦਾ ਫੈਸਲਾ ਕੀਤਾ। ਉਨ੍ਹਾ ਕਿਹਾਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਸੋਚਦੇ ਹਨ ਕਿ ਸ਼ਾਸਨ ਕਰਨ ਲਈ ਉਨ੍ਹਾਂ ਤੋਂ ਬਿਹਤਰ ਕੋਈ ਨਹੀਂ ਹੈ, ਅਸੀਂ ਇਸ ਸੋਚ ਨੂੰ ਚੁਣੌਤੀ ਦੇਵਾਂਗੇ।
ਜੇ ਐੱਮ ਐੱਮ ਦੇ ਸਾਂਸਦ ਮਹੂਆ ਮਾਜ਼ੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਚਰਚਾ ਸੀਟਾਂ ਦੀ ਵੰਡ ਨੂੰ ਲੈ ਕੇ ਸੀ। ਕੁਝ ਆਗੂ ਇਕ ਜਨਵਰੀ ਤੋਂ ਪਹਿਲਾਂ ਸੀਟਾਂ ਦੀ ਵੰਡ ਚਾਹੁੰਦੇ ਸਨ, ਤਾਂ ਕਿ ਤਿਆਰੀ ਕੀਤੀ ਜਾ ਸਕੇ। ਪ੍ਰਧਾਨ ਮੰਤਰੀ ਦੇ ਚਿਹਰੇ ਨੂੰ ਲੈ ਕੇ ਵੀ ਚਰਚਾ ਹੋਈ, ਪਰ ਕੋਈ ਅੰਤਮ ਫੈਸਲਾ ਨਹੀਂ ਹੋਇਆ। ਸਭ ਨੇ ਕਿਹਾ ਕਿ ਚੋਣ ਜਿੱਤਣ ਦੇ ਬਾਅਦ ਪ੍ਰਧਾਨ ਮੰਤਰੀ ਦਾ ਫੈਸਲਾ ਹੋਵੇਗਾ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੀਟਿੰਗ ਚੰਗੀ ਰਹੀ। ਪ੍ਰਚਾਰ, ਸੀਟਾਂ ਦੀ ਵੰਡ ਅਤੇ ਹੋਰ ਸਭ ਕੁਝ ਛੇਤੀ ਹੀ ਸ਼ੁਰੂ ਹੋਵੇਗਾ। ਕਨਵੀਨਰ ਦੀ ਚੋਣ ਨਹੀਂ ਹੋਈ।
ਅਖਿਲੇਸ਼ ਯਾਦਵ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਸੀਟਾਂ ਦੀ ਵੰਡ ਤੋਂ ਬਾਅਦ ਮੈਦਾਨ ਵਿਚ ਨਿਤਰਨ ਲਈ ਤਿਆਰ ਹਨ। ਸੀਟਾਂ ਦੀ ਵੰਡ ਛੇਤੀ ਹੀ ਹੋ ਜਾਵੇਗੀ। ਰਾਜਦ ਸਾਂਸਦ ਮਨੋਜ ਝਾਅ ਨੇ ਕਿਹਾ ਕਿ 31 ਦਸੰਬਰ ਤੋਂ ਪਹਿਲਾਂ ਸੀਟਾਂ ਦੀ ਵੰਡ ਕਰਨ ’ਤੇ ਸਹਿਮਤੀ ਹੋਈ। 30 ਜਨਵਰੀ ਤੋਂ ਸਾਂਝਾ ਚੋਣ ਪ੍ਰਚਾਰ ਸ਼ੁਰੂ ਹੋਵੇਗਾ।
ਮੀਟਿੰਗ ਵਿਚ ਸੋਨੀਆ ਗਾਂਧੀ, ਰਾਹੁਲ ਗਾਂਧੀ, ਖੜਗੇ, ਅਖਿਲੇਸ਼, ਕੇਜਰੀਵਾਲ, ਨਿਤਿਸ਼ ਕੁਮਾਰ, ਲਾਲੂ ਪ੍ਰਸਾਦ ਯਾਦਵ, ਫਾਰੂਕ ਅਬਦੁੱਲਾ, ਸੀਤਾ ਰਾਮ ਯੇਚੁਰੀ, ਮਹਿਬੂਬਾ ਮੁਫਤੀ ਤੇ ਆਰ ਐੱਲ ਡੀ ਦੇ ਜਯੰਤ ਚੌਧਰੀ ਮੌਜੂਦ ਰਹੇ।

LEAVE A REPLY

Please enter your comment!
Please enter your name here