ਨਵੀਂ ਦਿੱਲੀ : ਤਿ੍ਰਣਮੂਲ ਕਾਂਗਰਸ ਦੇ ਸੰਸਦ ਮੈਂਬਰ ਕਲਿਆਣ ਬੈਨਰਜੀ ਨੇ ਬੁੱਧਵਾਰ ਕਿਹਾ ਕਿ ਨਕਲ ਲਾਹੁਣਾ ਅਪਰਾਧ ਨਹੀਂ ਹੈ, ਉਹ (ਭਾਜਪਾ) ਅਸਲ ਮਾਮਲੇ ਨੂੰ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਉਨ੍ਹਾ ਕਿਹਾ-ਕੀ ਵਿਰੋਧੀ ਸੰਸਦ ਮੈਂਬਰਾਂ ਦੀ ਮੁਅੱਤਲੀ ਸਹੀ ਹੈ? ਮੈਂ ਸਪੱਸ਼ਟ ਕਰ ਦੇਵਾਂ ਕਿ ਉਪ ਰਾਸ਼ਟਰਪਤੀ ਅਤੇ ਕਿਸੇ ਹੋਰ ਦੇ ਅਕਸ ਨੂੰ ਸੱਟ ਮਾਰਨ ਦਾ ਬਿਲਕੁਲ ਕੋਈ ਇਰਾਦਾ ਨਹੀਂ ਸੀ, ਮੈਂ ਸੰਵਿਧਾਨਕ ਅਹੁਦਿਆਂ ਦਾ ਸਨਮਾਨ ਕਰਦਾ ਹਾਂ।
ਉਨ੍ਹਾਂ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ 2014 ਤੋਂ 2019 ਦੇ ਵਿਚਕਾਰ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾਵਾਂ ਦੀ ਨਕਲ ਉਤਾਰਦੇ ਰਹੇ ਹਨ। ਉਨ੍ਹਾ ਜਦੋਂ ਅਜਿਹਾ ਕੀਤਾ ਤਾਂ ਸਾਰਿਆਂ ਨੇ ਇਸ ਨੂੰ ਮਜ਼ਾਕ ਵਜੋਂ ਲਿਆ, ਨਾ ਕਿ ਗੰਭੀਰਤਾ ਨਾਲ। ਹੁਣ ਉਹ ਮੇਰੇ ਮਾਮਲੇ ’ਚ ਇਸ ਨੂੰ ਗੰਭੀਰਤਾ ਨਾਲ ਲੈ ਰਹੇ ਹਨ।
ਇਸੇ ਦੌਰਾਨ ਰਾਜ ਸਭਾ ਦੇ ਚੇਅਰਮੈਨ ਤੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਕਿਹਾ ਹੈ ਕਿ ਕੋਈ ਉਨ੍ਹਾ ਦੀ ਕਿੰਨੀ ਵੀ ਬੇਇੱਜ਼ਤੀ ਕਰ ਲਵੇ, ਉਹ ਖੂਨ ਦਾ ਘੁੱਟ ਭਰ ਲੈਣਗੇ ਪਰ ਉਹ ਇਹ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਕਿ ਕੋਈ ਉਪ ਰਾਸ਼ਟਰਪਤੀ ਦੇ ਅਹੁਦੇ ਦੀ ਮਰਿਆਦਾ ਦੀ ਉਲੰਘਣਾ ਕਰੇ। ਸੰਸਦ ਦੀ ਸੁਰੱਖਿਆ ’ਚ ਸੰਨ੍ਹ ਦੇ ਮੁੱਦੇ ’ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਦੀ ਮੰਗ ਨੂੰ ਲੈ ਕੇ ਵਿਰੋਧੀ ਮੈਂਬਰਾਂ ਦੇ ਹੰਗਾਮੇ ਤੋਂ ਬਾਅਦ ਜਦੋਂ ਉਪਰਲੇ ਸਦਨ ਦੀ ਕਾਰਵਾਈ 11.45 ਵਜੇ ਮੁੜ ਸ਼ੁਰੂ ਹੋਈ ਤਾਂ ਕਾਂਗਰਸ ਦੇ ਦਿਗਵਿਜੇ ਸਿੰਘ ਨੇ ਮੁੜ ਵਿਰੋਧੀ ਧਿਰ ਦੀ ਮੰਗ ਨੂੰ ਦੁਹਰਾਇਆ। ਇਸ ’ਤੇ ਧਨਖੜ ਨੇ ਸੰਸਦ ਕੰਪਲੈਕਸ ’ਚ ਕੁਝ ਸੰਸਦ ਮੈਂਬਰਾਂ ਦੇ ‘ਮਾੜੇ ਵਿਵਹਾਰ’ ਦੀ ਘਟਨਾ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਦਿਗਵਿਜੈ ਸਿੰਘ ਨੂੰ ਇਸ ਗੱਲ ਦਾ ਅਹਿਸਾਸ ਵੀ ਨਹੀਂ ਹੈ ਕਿ ਉਨ੍ਹਾ ਨੂੰ ਕਿੰਨਾ ਦੁੱਖ ਹੋਇਆ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਧਨਖੜ ਨੂੰ ਫੋਨ ਕਰਕੇ ਉਨ੍ਹਾ ਦਾ ਮਜ਼ਾਕ ਉਡਾਉਣ ’ਤੇ ਡੂੰਘਾ ਦੁੱਖ ਪ੍ਰਗਟਾਇਆ। ਧਨਖੜ ਨੇ ਕਿਹਾ-ਮੈਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਫੋਨ ਆਇਆ। ਉਨ੍ਹਾ ਨੇ ਕੁਝ ਮਾਣਯੋਗ ਸੰਸਦ ਮੈਂਬਰਾਂ ਵੱਲੋਂ ਪਵਿੱਤਰ ਸੰਸਦ ਕੰਪਲੈਕਸ ’ਚ ਕੀਤੇ ਗਏ ਡਰਾਮੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਖੁਦ ਵੀ ਕਰੀਬ ਵੀਹ ਸਾਲਾਂ ਤੋਂ ਇਸ ਤਰ੍ਹਾਂ ਦੇ ਅਪਮਾਨ ਦਾ ਸਾਹਮਣਾ ਕਰ ਰਹੇ ਹਨ ਅਤੇ ਇਹ ਹਾਲੇ ਵੀ ਜਾਰੀ ਹੈ।
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਕਿਹਾ ਕਿ ਉਹ ਉਪ ਰਾਸ਼ਟਰਪਤੀ ਦੇ ਅਪਮਾਨ ਤੋਂ ਬਹੁਤ ਦੁਖੀ ਹਨ। ਰਾਸ਼ਟਰਪਤੀ ਨੇ ਕਿਹਾ ਕਿ ਚੁਣੇ ਹੋਏ ਨੁਮਾਇੰਦੇ ਆਪਣੇ ਵਿਚਾਰ ਪ੍ਰਗਟ ਕਰਨ ਲਈ ਆਜ਼ਾਦ ਹਨ, ਪਰ ਉਨ੍ਹਾਂ ਦਾ ਪ੍ਰਗਟਾਵਾ ਮਰਿਆਦਾ ਦੇ ਦਾਇਰੇ ’ਚ ਹੋਣਾ ਚਾਹੀਦਾ ਹੈ।
ਉਧਰ, ਪੁਲਸ ਅਧਿਕਾਰੀ ਨੇ ਦੱਸਿਆ ਕਿ ਉਪ ਰਾਸ਼ਟਰਪਤੀ ਦੀ ਨਕਲ ਉਤਾਰਨ ਖਿਲਾਫ ਐਡਵੋਕੇਟ ਅਭਿਸ਼ੇਕ ਗੌਤਮ ਨੇ ਮੰਗਲਵਾਰ ਸ਼ਾਮ ਨੂੰ ਡਿਫੈਂਸ ਕਲੋਨੀ ਪੁਲਸ ਸਟੇਸ਼ਨ ’ਚ ਕਲਿਆਣ ਬੈਨਰਜੀ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾ ਉਸ ਨੂੰ ਅੱਗੇ ਆਪਣੇ ਸੀਨੀਅਰਾਂ ਕੋਲ ਭੇਜ ਦਿੱਤਾ ਹੈ।