ਤਿ੍ਰਣਮੂਲ ਕਾਂਗਰਸ ਦੇ ਸਾਂਸਦ ਕਲਿਆਣ ਬੈਨਰਜੀ ਵੱਲੋਂ ਸੰਸਦ ਦੇ ਬਾਹਰ ਉਪ ਰਾਸ਼ਟਰਪਤੀ ਜਗਦੀਪ ਧਨਖੜ ਦੀ ਨਕਲ ਉਤਾਰਨ ਨੂੰ ਭਾਜਪਾ ਨੇ ਕੌਮੀ ਮੁੱਦਾ ਬਣਾ ਲਿਆ ਹੈ। ਪ੍ਰਧਾਨ ਮੰਤਰੀ ਤੋਂ ਲੈ ਕੇ ਹਰ ਨਿੱਕਾ-ਵੱਡਾ ਭਾਜਪਾਈ ਬਿਆਨ ਦੇ ਰਿਹਾ ਹੈ, ਪਰ ਉਹ ਇਸ ਬਾਰੇ ਨਹੀਂ ਬੋਲ ਰਹੇ ਕਿ ਲਗਭਗ ਡੇਢ ਸੌ ਸਾਂਸਦਾਂ ਨੂੰ ਮੁਅੱਤਲ ਕਰਨਾ ਕਿੰਨਾ ਕੁ ਜਾਇਜ਼ ਹੈ। ਆਖਰ ਭਾਜਪਾ ਅਸਲ ਮੁੱਦੇ ਤੋਂ ਧਿਆਨ ਭਟਕਾਉਣ ਲਈ ਧਨਖੜ ਦਾ ਮੁੱਦਾ ਚੁੱਕ ਰਹੀ ਹੈ। ਮੰਗਲਵਾਰ ਜਦੋਂ ਬੈਨਰਜੀ ਨੇ ਧਨਖੜ ਦੀ ਨਕਲ ਉਤਾਰੀ ਤਾਂ ਉਸ ਦਾ ਰਾਹੁਲ ਗਾਂਧੀ ਨੇ ਵੀਡੀਓ ਬਣਾ ਲਿਆ, ਪਰ ਸ਼ੇਅਰ ਨਹੀਂ ਕੀਤਾ। ਹੋਰਨਾਂ ਆਪੋਜ਼ੀਸ਼ਨ ਸਾਂਸਦਾਂ ਤੇ ਪੱਤਰਕਾਰਾਂ ਨੇ ਸ਼ੇਅਰ ਕਰ ਦਿੱਤਾ। ਧਨਖੜ ਨੂੰ ਗੁੱਸਾ ਆਇਆ ਤੇ ਉਨ੍ਹਾ ਇਸ ਨੂੰ ਕਿਸਾਨ ਤੇ ਜਾਟ ਦੀ ਇੱਜ਼ਤ ਨਾਲ ਜੋੜ ਦਿੱਤਾ। ਧਨਖੜ ਤੋਂ ਆਪੋਜ਼ੀਸ਼ਨ ਸਾਂਸਦ ਕਈ ਦਿਨਾਂ ਤੋਂ ਮੰਗ ਕਰ ਰਹੇ ਸਨ ਕਿ ਸੰਸਦ ਦੀ ਸੁਰੱਖਿਆ ਵਿਚ ਸੰਨ੍ਹ ਦੇ ਮਾਮਲੇ ’ਤੇ ਉਹ ਬਹਿਸ ਕਿਉ ਨਹੀਂ ਹੋਣ ਦਿੰਦੇ। ਇਸ ਦਾ ਧਨਖੜ ਨੇ ਕਦੇ ਜਵਾਬ ਨਹੀਂ ਦਿੱਤਾ। ਧਨਖੜ ਦੇ ਜਾਟਾਂ ਬਾਰੇ ਬਿਆਨ ਤੋਂ ਬਾਅਦ ਜਾਟ ਐਸੋਸੀਏਸ਼ਨ ਨੇ ਵੀ ਬਿਆਨ ਦਾਗ ਦਿੱਤਾ ਕਿ ਉਹ ਜਾਟਾਂ ਦੀ ਬੇਇੱਜ਼ਤੀ ਬਰਦਾਸ਼ਤ ਨਹੀਂ ਕਰੇਗੀ। ਇਹ ਐਸੋਸੀਏਸ਼ਨ ਉਦੋਂ ਖਾਮੋਸ਼ ਰਹੀ ਸੀ, ਜਦੋਂ ਦੇਸ਼ ਵਿਚ ਤਿੰਨ ਕਾਲੇ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਅੰਦੋਲਨ ਸਿਖਰ ’ਤੇ ਸੀ। ਦਰਅਸਲ ਕਿਸਾਨ ਅੰਦੋਲਨ ਤੇ ਮਹਿਲਾ ਭਲਵਾਨਾਂ ਦੇ ਅੰਦੋਲਨ ਕਾਰਨ ਜਾਟ ਵੋਟਰ ਭਾਜਪਾ ਤੋਂ ਬਹੁਤ ਦੂਰ ਜਾ ਚੁੱਕਾ ਹੈ। ਰਾਜਸਥਾਨ ਵਿਚ ਹਾਲੀਆ ਅਸੰਬਲੀ ਚੋਣਾਂ ਵਿਚ ਜਾਟ ਬਹੁਗਿਣਤੀ ਵਾਲੇ ਹਲਕਿਆਂ ਵਿਚ ਜਾਂ ਤਾਂ ਕਾਂਗਰਸੀ ਉਮੀਦਵਾਰ ਜਿੱਤੇ ਜਾਂ ਆਰ ਐੱਲ ਡੀ ਦੇ ਉਮੀਦਵਾਰ। ਆਰ ਐੱਲ ਡੀ ਪੱਛਮੀ ਯੂ ਪੀ ਦੀ ਪਾਰਟੀ ਹੈ ਤੇ ਉਸ ਦਾ ਆਧਾਰ ਜਾਟਾਂ ਤੇ ਮੁਸਲਮਾਨਾਂ ਵਿਚ ਹੈ। ਹਰਿਆਣਾ ਵਿਚ ਤਮਾਮ ਜਾਟ ਆਗੂ ਮਹਿਲਾ ਭਲਵਾਨਾਂ ਦੇ ਮੁੱਦੇ ’ਤੇ ਅਜੇ ਵੀ ਨਾਰਾਜ਼ ਹਨ ਤੇ ਉਹ ਚੋਣਾਂ ਦੀ ਉਡੀਕ ਕਰ ਰਹੇ ਹਨ। ਹਰਿਆਣਾ ਵਿਚ ਜਾਟ ਲੀਡਰਸ਼ਿਪ ਕਾਂਗਰਸ ਜਾਂ ਓਮ ਪ੍ਰਕਾਸ਼ ਚੌਟਾਲਾ ਦੀ ਪਾਰਟੀ ਇਨੈਲੋ ਕੋਲ ਹੈ। ਇਸ ਤੋਂ ਪ੍ਰੇਸ਼ਾਨ ਭਾਜਪਾ ਧਨਖੜ ਦੇ ਮੁੱਦੇ ਨੂੰ ਕੌਮੀ ਮੁੱਦਾ ਬਣਾ ਰਹੀ ਹੈ। ਉਹ ਇਹ ਨਹੀਂ ਦੱਸ ਰਹੀ ਕਿ ਸੰਸਦ ਦੀ ਸੁਰੱਖਿਆ ਦੀ ਉਲੰਘਣਾ ਕਿਉ ਹੋਣ ਦਿੱਤੀ? ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਇਸ ਬਾਰੇ ਸੰਸਦ ਦੇ ਬਾਹਰ ਬਿਆਨ ਦੇ ਰਹੇ ਹਨ, ਪਰ ਸੰਸਦ ਵਿਚ ਨਹੀਂ। ਭਾਜਪਾ ਸਾਂਸਦ ਪ੍ਰਤਾਪ ਸਿਨਹਾ, ਜਿਸ ਨੇ ਦੋ ਨੌਜਵਾਨਾਂ ਨੂੰ ਸੰਸਦ ਦੀ ਵਿਜ਼ਟਰ ਗੈਲਰੀ ਤੱਕ ਪੁੱਜਣ ਦਾ ਪਾਸ ਦਿੱਤਾ ਸੀ, ਦੇ ਖਿਲਾਫ ਕਾਰਵਾਈ ਕਿਉ ਨਹੀਂ ਕੀਤੀ ਜਾ ਰਹੀ?



