24 C
Jalandhar
Friday, October 18, 2024
spot_img

ਹਾਕਮ ਪਾਰਟੀ ਨੇ ਸਾਂਸਦਾਂ ਦੀ ਮੁਅੱਤਲੀ ਨੂੰ ਹਥਿਆਰ ਵਜੋਂ ਵਰਤਿਆ : ਖੜਗੇ

ਨਵੀਂ ਦਿੱਲੀ : ਰਾਜ ਸਭਾ ਦੇ ਚੇਅਰਪਰਸਨ ਜਗਦੀਪ ਧਨਖੜ ਨੇ ਸਦਨ ਵਿਚ ਆਪੋਜ਼ੀਸ਼ਨ ਦੇ ਆਗੂ ਮਲਿਕਾਰਜੁਨ ਖੜਗੇ ਨੂੰ ਪੱਤਰ ਲਿਖ ਕੇ ਮਿਲਣ ਦਾ ਸੱਦਾ ਦਿੱਤਾ ਸੀ। ਖੜਗੇ ਨੇ ਇਹ ਕਹਿ ਕੇ ਮਿਲਣ ਤੋਂ ਅਸਮਰੱਥਾ ਪ੍ਰਗਟਾਈ ਕਿ ਉਹ ਦਿੱਲੀ ਤੋਂ ਬਾਹਰ ਹਨ। ਖੜਗੇ ਨੇ ਜਵਾਬੀ ਪੱਤਰ ਵਿਚ ਸੰਸਦ ਤੋਂ ਆਪੋਜ਼ੀਸ਼ਨ ਮੈਂਬਰਾਂ ਦੀ ਸਮੂਹਕ ਮੁਅੱਤਲੀ ਨੂੰ ਲੋਕਾਂ ਦੀ ਆਵਾਜ਼ ਦਬਾਉਣ ਦਾ ਯਤਨ ਦੱਸਦਿਆਂ ਚੇਅਰਪਰਸਨ ਦੀ ਭੂਮਿਕਾ ਤੇ ਨਿਰਪੱਖਤਾ ’ਤੇ ਸਵਾਲ ਖੜ੍ਹੇ ਕੀਤੇ ਹਨ।
ਖੜਗੇ ਨੇ ਆਪਣੇ ਪੱਤਰ ’ਚ ਕਿਹਾ ਹੈ-ਚੇਅਰਪਰਸਨ ਸਦਨ ਦਾ ਸਰਪ੍ਰਸਤ ਹੁੰਦਾ ਹੈ ਤੇ ਉਸ ਨੂੰ ਸਦਨ ਦੀ ਸ਼ਾਨ ਬਣਾਏ ਰੱਖਣ, ਸੰਸਦੀ ਵਿਸ਼ੇਸ਼ਾਧਿਕਾਰਾਂ ਦੀ ਰਾਖੀ ਕਰਨ ਤੇ ਸੰਸਦ ਵਿਚ ਬਹਿਸ ਤੇ ਉੱਤਰ ਦੇ ਮਾਧਿਅਮ ਨਾਲ ਸਰਕਾਰ ਨੂੰ ਜਵਾਬਦੇਹ ਬਣਾਉਣ ਦੇ ਲੋਕਾਂ ਦੇ ਅਧਿਕਾਰ ਦੀ ਰਾਖੀ ਕਰਨ ਵਿਚ ਸਭ ਤੋਂ ਅੱਗੇ ਰਹਿਣਾ ਚਾਹੀਦਾ ਹੈ।
ਖੜਗੇ ਨੇ ਕਿਹਾ ਹੈ-ਹੁਕਮਰਾਨ ਪਾਰਟੀ ਨੇ ਸਾਂਸਦਾਂ ਦੀ ਮੁਅੱਤਲੀ ਨੂੰ ਲੋਕਤੰਤਰ ਨੂੰ ਕਮਜ਼ੋਰ ਕਰਨ, ਸੰਸਦੀ ਪ੍ਰਥਾਵਾਂ ਨੂੰ ਨਸ਼ਟ ਕਰਨ ਤੇ ਸੰਵਿਧਾਨ ਦਾ ਗਲਾ ਘੋਟਣ ਦਾ ਹਥਿਆਰ ਬਣਾਇਆ। ਚੇਅਰਪਰਸਨ ਦਾ ਪੱਤਰ ਬਦਕਿਸਮਤੀ ਨਾਲ ਸੰਸਦ ਪ੍ਰਤੀ ਸਰਕਾਰ ਦੇ ਨਿਰੰਕੁਸ਼ ਤੇ ਹੰਕਾਰੀ ਰਵੱਈਏ ਨੂੰ ਦਰੁਸਤ ਠਹਿਰਾਉਦਾ ਹੈ।
ਧਨਖੜ ਦੇ ਪੱਤਰ ਦਾ ਵਿਸਥਾਰ ਵਿਚ ਜਵਾਬ ਦਿੰਦਿਆਂ ਖੜਗੇ ਨੇ ਕਿਹਾ ਹੈ-ਉਨ੍ਹਾ ਨੂੰ ਰਾਜ ਸਭਾ ਦੇ ਚੇਅਰਪਰਸਨ ਦੇ ਰੂਪ ’ਚ ਨਿਰਪੱਖਤਾ ਤੇ ਨਿਰਲੇਪਤਾ ਦੇ ਨਾਲ ਹਾਲਾਤ ’ਤੇ ਚਿੰਤਨ ਦੀ ਲੋੜ ਹੈ। ਆਪੋਜ਼ੀਸ਼ਨ ਦੀ ਆਵਾਜ਼ ਨੂੰ ਦਬਾਉਣ ਲਈ ਮਰਿਆਦਾ ਮਤਿਆਂ ਨੂੰ ਵੀ ਹਥਿਆਰ ਵਜੋਂ ਇਸਤੇਮਾਲ ਕੀਤਾ ਜਾ ਰਿਹਾ ਹੈ। ਸੰਸਦ ਨੂੰ ਜਾਣਬੁੱਝ ਕੇ ਕਮਜ਼ੋਰ ਕੀਤਾ ਗਿਆ ਹੈ।
ਧਨਖੜ ਨੇ ਆਪਣੇ ਪੱਤਰ ਵਿਚ ਕਿਹਾ ਸੀ ਕਿ ਸਦਨ ਵਿਚ ਅਵਿਵਸਥਾ ਜਾਣਬੁੱਝ ਕੇ ਫੈਲਾਈ ਗਈ ਤੇ ਇਹ ਰਣਨੀਤਕ ਦੇ ਨਾਲ-ਨਾਲ ਗਿਣੀ-ਮਿੱਥੀ ਵੀ ਸੀ। ਇਸ ’ਤੇ ਖੜਗੇ ਨੇ ਕਿਹਾ ਹੈ-ਜੇ ਰਣਨੀਤਕ ਤਰੀਕੇ ਨਾਲ ਇੰਜ ਹੋਇਆ ਹੈ ਤਾਂ ਉਹ ਹੈ ਦੋਹਾਂ ਸਦਨਾਂ ਤੋਂ ਆਪੋਜ਼ੀਸ਼ਨ ਮੈਂਬਰਾਂ ਦੀ ਸਮੂਹਕ ਮੁਅੱਤਲੀ। ਇਹ ਸਰਕਾਰ ਵੱਲੋਂ ਗਿਣਿਆ-ਮਿੱਥਿਆ ਲੱਗਦਾ ਹੈ। ਬਹੁਤ ਦੁੱਖ ਹੋ ਰਿਹਾ ਹੈ ਕਿ ਬਿਨਾਂ ਲੋੜੀਂਦੇ ਵਿਚਾਰ ਦੇ ਮੁਅੱਤਲੀਆਂ ਕੀਤੀਆਂ ਗਈਆਂ। ਆਪੋਜ਼ੀਸ਼ਨ ਪਾਰਟੀਆਂ ਦੇ ਗੱਠਜੋੜ ‘ਇੰਡੀਆ’ ਦੇ ਇਕ ਮੈਂਬਰ ਦੀ ਮੁਅੱਤਲੀ ਸੰਸਦ ਵਿਚ ਮੌਜੂਦ ਨਾ ਹੋਣ ਦੇ ਬਾਵਜੂਦ ਹੋਈ, ਇਸ ਤੋਂ ਸਰਕਾਰ ਦੀ ਨੀਤੀ ਸਾਫ ਹੁੰਦੀ ਹੈ।
ਖੜਗੇ ਨੇ ਰਾਜ ਸਭਾ ਵਿਚ ਬਿੱਲਾਂ ਨੂੰ ਲੋੜੀਂਦੀ ਬਹਿਸ ਤੋਂ ਬਿਨਾਂ ਪਾਸ ਕਰਨ ’ਤੇ ਲਿਖਿਆ ਹੈ-ਇਹ ਬੇਹੱਦ ਦੁਖਦ ਹੈ। ਇਤਿਹਾਸ ਬਿਨਾਂ ਬਹਿਸ ਦੇ ਪਾਸ ਕੀਤੇ ਗਏ ਬਿੱਲਾਂ ਤੇ ਸਰਕਾਰ ਤੋਂ ਜਵਾਬਦੇਹੀ ਦੀ ਮੰਗ ਨਾ ਕਰਨ ਲਈ ਪ੍ਰੀਜ਼ਾਈਡਿੰਗ ਅਧਿਕਾਰੀਆਂ ਦਾ ਕਠੋਰਤਾ ਨਾਲ ਮੁਲੰਕਣ ਕਰੇਗਾ। ਖੜਗੇ ਨੇ ਆਪਣੇ ਪੱਤਰ ਵਿਚ ਸੰਸਦ ਦੀ ਸੁਰੱਖਿਆ ’ਚ ਚੂਕ ਦੇ ਮਾਮਲੇ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਦਾ ਜ਼ਿਕਰ ਕਰਦਿਆਂ ਕਿਹਾ ਹੈ-ਗ੍ਰਹਿ ਮੰਤਰੀ ਸੰਸਦ ਦੇ ਚੱਲ ਰਹੇ ਅਜਲਾਸ ਦੇ ਬਾਵਜੂਦ ਬਾਹਰ ਇਕ ਟੀਵੀ ’ਤੇ ਅਜਿਹੇ ਸੰਵੇਦਨਸ਼ੀਲ ਮੁੱਦੇ ’ਤੇ ਬਿਆਨ ਦਿੰਦੇ ਹਨ, ਪਰ ਸਦਨ ਵਿਚ ਆ ਕੇ ਬਿਆਨ ਨਹੀਂ ਦਿੰਦੇ। ਇਹ ਬਦਕਿਸਮਤ ਹੋਣ ਦੇ ਨਾਲ-ਨਾਲ ਲੋਕਤੰਤਰ ਦੇ ਮੰਦਰ ਨੂੰ ਅਪਵਿੱਤਰ ਕਰਨ ਵਰਗਾ ਕਾਰਾ ਹੈ। ਪੂਰੀ ਸਰਕਾਰ ਨੇ ਸੰਸਦ ਦੀ ਬੇਹੁਰਮਤੀ ਕੀਤੀ ਹੈ।
ਖੜਗੇ ਨੇ ਪੱਤਰ ਦੇ ਅਖੀਰ ਵਿਚ ਲਿਖਿਆ ਹੈ ਕਿ ਉਹ ਦਿੱਲੀ ਪਰਤ ਕੇ ਚੇਅਰਪਰਸਨ ਨੂੰ ਮਿਲਣਗੇ ਤੇ ਉਨ੍ਹਾ ਨਾਲ ਮਿਲਣਾ ਖੁਸ਼ਕਿਸਮਤੀ ਹੋਵੇਗਾ। ਚੇਅਰਪਰਸਨ ਦੇ ਸੱਦਣ ’ਤੇ ਉਨ੍ਹਾ ਨੂੰ ਮਿਲਣਾ ਉਨ੍ਹਾ ਦਾ ਫਰਜ਼ ਹੈ। ਉਨ੍ਹਾ ਚੇਅਰਪਰਸਨ ਨੂੰ ਨਵੇਂ ਸਾਲ ਦੀਆਂ ਪੇਸ਼ਗੀ ਸ਼ੁੱਭਕਾਮਨਾਵਾਂ ਵੀ ਦਿੱਤੀਆਂ ਹਨ। ਧਨਖੜ ਨੇ 23 ਦਸੰਬਰ ਨੂੰ ਖੜਗੇ ਨੂੰ ਲਿਖੇ ਪੱਤਰ ਵਿਚ ਕਿਹਾ ਸੀ ਕਿ ਸੰਸਦ ਵਿਚ ਸਾਰਥਕ ਚਰਚਾ ਤੇ ਸੰਵਾਦ ਨੂੰ ਲੈ ਕੇ ਉਨ੍ਹਾ ਦੀ ਚਿੰਤਾ ਤੋਂ ਉਹ ਵੀ ਪੂਰਾ ਇਤਫਾਕ ਰੱਖਦੇ ਹਨ। ਸੰਸਦ ਚਲਾਉਣ ਲਈ ਉਨ੍ਹਾ ਹਰ ਸੰਭਵ ਯਤਨ ਕੀਤਾ। ਡੈੱਡਲਾਕ ਤੋੜਨ ਦੀ ਕੋਸ਼ਿਸ਼ ਕੀਤੀ, ਪਰ ਸਫਲ ਨਹੀਂ ਹੋਏ। ਧਨਖੜ ਨੇ ਇਹ ਵੀ ਕਿਹਾ ਕਿ ਸਦਨ ਦੀ ਕਾਰਵਾਈ ਵਿਚ ਰੁਕਾਵਟ ਪਾਉਣ ਲਈ ਹੰਗਾਮੇ ਨੂੰ ਹਥਿਆਰ ਦੀ ਤਰ੍ਹਾਂ ਵਰਤਿਆ ਗਿਆ। ਉੱਚ ਸਦਨ (ਰਾਜ ਸਭਾ) ਵਿਚ ਅਜਿਹਾ ਆਚਰਣ ਕਰਨ ਦੀ ਲੋੜ ਹੈ, ਜਿਸ ਦੀ ਬਾਕੀ ਲੋਕ ਵੀ ਰੀਸ ਕਰਨ।

Related Articles

LEAVE A REPLY

Please enter your comment!
Please enter your name here

Latest Articles