ਰਿਆਦ : ਸਾਊਦੀ ਅਰਬ ਦੀ ਰਾਜਧਾਨੀ ’ਚ ਸ਼ੁੱਕਰਵਾਰ ਨੂੰ ਗੈਲਾਟਸਰਾਏ ਅਤੇ ਫੇਨਰਬਾਸ਼ ਵਿਚਾਲੇ ਖੇਡਿਆ ਜਾਣ ਵਾਲਾ ਟਰਕਿਸ਼ ਸੁਪਰ ਕੱਪ ਫਾਈਨਲ ਰੱਦ ਕਰ ਦਿੱਤਾ ਗਿਆ। ਅਸਲ ’ਚ ਇਹ ਪੂਰਾ ਮਾਜਰਾ ਰਾਜਨੀਤਿਕ ਨਾਅਰੇ ਵਾਲੀ ਟੀ ਸ਼ਰਟ ਪਹਿਨਣ ਨੂੰ ਲੈ ਕੇ ਸਾਹਮਣੇ ਆਇਆ। ਇੱਕ ਕਲੱਬ ਦੇ ਖਿਡਾਰੀ ਚਾਹੁੰਦੇ ਸਨ ਕਿ ਉਹ ਰਾਜਨੀਤਿਕ ਨਾਅਰੇਬਾਜ਼ੀ ਵਾਲੀ ਟੀ ਸ਼ਰਟ ਪਾਉਣ। ਮੀਡੀਆ ਰਿਪੋਰਟ ਅਨੁਸਾਰ, ਇਸਤੰਬੁਲ ਦੀਆਂ ਇਨ੍ਹਾਂ ਦੋ ਟੀਮਾਂ ਦੀ ਇੱਛਾ ਸੀ ਕਿ ਉਹ ਸ਼ਾਮ ਦੇ ਕਿਕ-ਆਫ਼ ਤੋਂ ਪਹਿਲਾਂ ਵਾਰਮਅੱਪ ਦੌਰਾਨ ਆਧੁਨਿਕ ਤੁਰਕੀ ਦੇ ਸੰਸਥਾਪਕ ਮੁਸਤਫ਼ਾ ਕਮਾਲ ਅਤਾਤੁਰਕ ਦੀ ਤਸਵੀਰ ਵਾਲੀ ਟੀ ਸ਼ਰਟ ਪਹਿਨਣ। ਉਥੇ ਹੀ ਤੁਰਕੀ ਮੀਡੀਆ ਦੀ ਰਿਪੋਰਟ ’ਚ ਦੱਸਿਆ ਗਿਆ ਕਿ ਸਾਊਦੀ ਅਧਿਕਾਰੀਆਂ ਨੇ ਇਸ ਮੰਗ ਨੂੰ ਅਸਵੀਕਾਰ ਕਰ ਦਿੱਤਾ। ਹਾਲਾਂਕਿ ਇਹ ਗੱਲ ਸਪੱਸ਼ਟ ਨਹੀਂ ਹੋਈ ਕਿ ਇਸ ਤਰ੍ਹਾਂ ਕਿਉਂ ਹੋਇਆ, ਜਿਸ ਤੋਂ ਬਾਅਦ ਇਨ੍ਹਾਂ ਫੁੱਟਬਾਲ ਕਲੱਬਾਂ ਨੇ ਅਲ-ਅੱਵਲ ਪਾਰਕ ਸਟੇਡੀਅਮ ’ਚ ਸੁਪਰ ਕੱਪ ਫਾਈਨਲ ’ਚ ਖੇਡਣ ਤੋਂ ਇਨਕਾਰ ਕਰ ਦਿੱਤਾ। ਸਾਊਦੀ ਸਟੇਟ ਟੀ ਵੀ ਨੇ ਰਿਆਦ ਸੀਜਨ ਦੇ ਪ੍ਰਬੰਧਕਾਂ ਦੇ ਇੱਕ ਬਿਆਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਫਾਈਨਲ ਨੂੰ ਰੱਦ ਕਰਨਾ ਟੀਮਾਂ ਵੱਲੋਂ ਮੈਚ ਨਿਯਮਾਂ ਦਾ ਪਾਲਣ ਨਾ ਕਰਨ ਕਾਰਨ ਹੋਇਆ। ਇਸ ਬਿਆਨ ’ਚ ਕਿਹਾ ਗਿਆ, ‘ਇੰਟਰਨੈਸ਼ਨਲ ਫੁੱਟਬਾਲ ਰੂਲਸ ਅਨੁਸਾਰ ਮੈਚ ਨੂੰ ਸਮੇਂ ’ਤੇ ਆਯੋਜਿਤ ਕਰਨ ਦੀ ਉਮੀਦ ਕਰ ਰਹੇ ਸਨ, ਜਿਸ ’ਚ ਕਿਸੇ ਵੀ ਤਰ੍ਹਾਂ ਦੇ ਨਾਅਰੇਬਾਜ਼ੀ ਦੀ ਮਨਾਹੀ ਹੈ, ਜਦਕਿ ਇਸ ਬਾਰੇ ’ਚ ਤੁਰਕੀ ਫੁੱਟਬਾਲ ਦੇ ਨਾਲ ਚਰਚਾ ਕੀਤੀ ਗਈ ਸੀ।’ ਬਿਆਨ ’ਚ ਅੱਗੇ ਕਿਹਾ ਗਿਆ ਕਿ ਇਸ ਸਮਝੌਤੇ ਦੇ ਬਾਵਜੂਦ ਦੋਵਾਂ ਟੀਮਾਂ ਨੇ ਇਸ ਦਾ ਪਾਲਣ ਨਹੀਂ ਕੀਤਾ, ਜਿਸ ਕਾਰਨ ਮੈਚ ਨਹੀਂ ਹੋ ਸਕਿਆ।
ਦੋਵਾਂ ਟੀਮਾਂ ਅਤੇ ਤੁਰਕੀ ਫੁੱਟਬਾਲ ਫੈਡਰੇਸ਼ਨ ਦੀ ਵੀ ਇਸ ਮਾਮਲੇ ’ਚ ਸਫਾਈ ਆਈ। ਇੱਕ ਸੰਯੁਕਤ ਬਿਆਨ ’ਚ ਐਕਸ ’ਤੇ ਕਿਹਾ ਗਿਆ ਕਿ ਇੱਕ ਸੰਯੁਕਤ ਫੈਸਲੇ ਦੌਰਾਨ ਫਾਈਨਲ ਨੂੰ ਕੁਝ ਪ੍ਰੇਸ਼ਾਨੀਆਂ ਕਾਰਨ ਬਾਅਦ ਦੀ ਤਰੀਕ ਲਈ ਮੁਲਤਵੀ ਕਰ ਦਿੱਤਾ ਗਿਆ ਹੈ।
ਇਹ ਘਟਨਾ ਅਤੇ ਸਾਊਦੀ ਅਰਬ ਵਿਚਾਲੇ ਹਾਲ ਹੀ ’ਚ ਸੰਬੰਧਾਂ ’ਚ ਆਈ ਗਰਮਾਹਟ ਦੇ ਤੌਰ ’ਤੇ ਦੇਖੀ ਜਾ ਰਹੀ ਹੈ। 2018 ’ਚ ਇਸਤੰਬੁਲ ’ਚ ਸਾਊਦੀ ਪੱਤਰਕਾਰ ਜਮਾਲ ਖਸ਼ੋਗੀ ਦੀ ਹੱਤਿਆ ਤੋਂ ਬਾਅਦ ਖਰਾਬ ਹੋਏ ਸੰਬੰਧਾਂ ਨੂੰ ਸੁਧਾਰਨ ਦੀਆਂ ਕੋਸ਼ਿਸ਼ਾਂ ਵਿਚਾਲੇ ਤੁਰਕੀ ਦੇ ਰਾਸ਼ਟਰਪਤੀ ਤੈਅਪ ਐਦਰੋਗਨ ਨੇ ਜੁਲਾਈ ’ਚ ਸਾਊਦੀ ਅਰਬ ਦਾ ਦੌਰਾ ਕੀਤਾ ਸੀ।