ਲੰਡਨ : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ‘ਚ ਲੋਕਤੰਤਰ ਵਿਸ਼ਵਵਿਆਪੀ ਅਬਾਦੀ ਲਈ ਚੰਗਾ ਅਤੇ ਸਾਡੇ ਗ੍ਰਹਿ ਦੇ ਕੇਂਦਰੀ ਅਧਾਰ ਦੇ ਰੂਪ ‘ਚ ਕੰਮ ਕਰਦਾ ਹੈ | ਉਨ੍ਹਾ ਚੌਕਸ ਕੀਤਾ ਕਿ ਜੇਕਰ ਭਾਰਤੀ ਲੋਕਤੰਤਰ ‘ਚ ਦਰਾੜ ਆਉਂਦੀ ਹੈ ਤਾਂ ਇਸ ਨਾਲ ਸਾਡੇ ਗ੍ਰਹਿ ਲਈ ਸਮੱਸਿਆਵਾਂ ਖੜ੍ਹੀਆਂ ਹੋਣਗੀਆਂ | ਰਾਹੁਲ ਨੇ ਰਾਸ਼ਟਰੀ ਜਨਤੰਤਰਿਕ ਗਠਜੋੜ ‘ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਕਿ ਭਾਰਤ ‘ਚ ਸ਼ਾਸਨ ਦੇ ਦੋ ਵੱਖ-ਵੱਖ ਰੂਪ ਚੱਲ ਰਹੇ ਹਨ, ਇੱਕ ਜੋ ਅਵਾਜ਼ਾਂ ਨੂੰ ਦਬਾਉਂਦਾ ਹੈ ਅਤੇ ਦੂਜਾ ਉਨ੍ਹਾਂ ਨੂੰ ਸੁਣਦਾ ਹੈ | ਬਿ੍ਟੇਨ ਦੌਰੇ ‘ਤੇ ਗਏ ਰਾਹੁਲ ਨੇ ਗੈਰ-ਲਾਭਕਾਰੀ ਥਿੰਕਟੈਂਟ ‘ਬਿ੍ਜ ਇੰਡੀਆ’ ਵੱਲੋਂ ਸ਼ੁੱਕਰਵਾਰ ਨੂੰ ਆਯੋਜਿਤ ‘ਆਈਡੀਆਜ਼ ਫਾਰ ਇੰਡੀਆ’ ਸੰਮੇਲਨ ‘ਚ ਇੱਕ ਸੈਸ਼ਨ ਦੌਰਾਨ ਇਹ ਟਿੱਪਣੀ ਕੀਤੀ | ਉਨ੍ਹਾ ਸਮੂਹਿਕ ਕਾਰਵਾਈ ਲਈ ਆਪਣੀ ਪਾਰਟੀ ਦੇ ਦਿ੍ਸ਼ਟੀਕੋਣ ਨੂੰ ਵੀ ਸਪੱਸ਼ਟ ਕੀਤਾ, ਜਿਸ ਦੇ ਚਲਦੇ ਦੇਸ਼ ਲਈ ਕੁਝ ‘ਸੁੰਦਰ’ ਹੋਵੇਗਾ | ਰਾਹੁਲ ਨੇ ਮੌਜੂਦਾ ਸ਼ਾਸਨ ‘ਤੇ ਦੇਸ਼ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਕਾਂਗਰਸ ਦੀ ਵਿਚਾਰਧਾਰਾ ਇਸ ਨਾਲ ਲੜਨ ਲਈ ਤਿਆਰ ਹੈ |
ਉਨ੍ਹਾ ਕਿਹਾ, ‘ਕ੍ਰਿਪਾ ਕਰਕੇ ਸਮਝੋ, ਭਾਜਪਾ ਦਾ ਕੰਮ ਰੌਲਾ ਪਾਉਣਾ ਅਤੇ ਆਵਾਜ਼ਾਂ ਨੂੰ ਦਬਾਉਣਾ ਹੈ, ਜਦਕਿ ਅਸੀਂ ਸੁਣਦੇ ਹਾਂ, ਇਹ ਦੋ ਵੱਖ-ਵੱਖ ਚੀਜ਼ਾਂ ਹਨ, ਇਹ ਦੋ ਵੱਖ-ਵੱਖ ਡਿਜ਼ਾਇਨ ਹਨ |’ ਸੰਮੇਲਨ ‘ਚ ਰਾਹੁਲ ਦੇ ਨਾਲ ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਸੀਤਾਰਾਮ ਯੇਚੁਰੀ, ਰਾਸ਼ਟਰੀ ਜਨਤਾ ਦਲ ਦੇ ਤੇਜਸਵੀ ਯਾਦਵ ਅਤੇ ਤਿ੍ਣਮੂਲ ਕਾਂਗਰਸ ਦੀ ਮਹੂਆ ਮੋਇਨਾ ਵਰਗੇ ਖੱਬੇ ਪੱਖੇ ਨੇਤਾਵਾਂ ਨੇ ਵੀ ਹਿੱਸਾ ਲਿਆ | ਇਸ ਮੌਕੇ ਰਾਹੁਲ ਨੇ ਚੌਕਸ ਕੀਤਾ ਕਿ ਭਾਜਪਾ ਨੇ ਪੂਰੇ ਦੇਸ਼ ‘ਚ ਮਿੱਟੀ ਦਾ ਤੇਲ ਫੈਲਾਅ ਦਿੱਤਾ ਹੈ ਅਤੇ ਅੱਗ ਲਾਉਣ ਲਈ ਬਸ ਇੱਕ ਚਿੰਗਾਰੀ ਦੀ ਜ਼ਰੂਰਤ ਹੈ |