ਅਯੁੱਧਿਆ : ਵਿਸ਼ਵ ਹਿੰਦੂ ਪ੍ਰੀਸ਼ਦ ਨੇ ਇੱਥੇ 22 ਜਨਵਰੀ ਨੂੰ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਦੇ ਸਮਾਰੋਹ ਤੋਂ ਪਹਿਲਾਂ ਭਗਤਾਂ ਨੂੰ ਘੁਟਾਲੇਬਾਜ਼ਾਂ ਤੋਂ ਖਬਰਦਾਰ ਰਹਿਣ ਲਈ ਕਿਹਾ ਹੈ। ਉਸ ਨੇ ਐਤਵਾਰ ਚਿਤਾਵਨੀ ਜਾਰੀ ਕੀਤੀ ਕਿ ਭਗਤ ਦਾਨ ਮੰਗਣ ਵਾਲੇ ਫਰਜ਼ੀ ਸੋਸ਼ਲ ਮੀਡੀਆ ਸੰਦੇਸ਼ਾਂ ਤੋਂ ਸਾਵਧਾਨ ਰਹਿਣ। ਵਿਸ਼ਵ ਹਿੰਦੂ ਪ੍ਰੀਸ਼ਦ ਨੇ ਕਿਹਾ ਹੈ ਕਿ ਲੋਕ ਅਜਿਹੇ ਗਰੁੱਪਾਂ ਜਾਂ ਵਿਅਕਤੀਆਂ ਨੂੰ ਫੰਡ ਨਾ ਦੇਣ। ਪ੍ਰੀਸ਼ਦ ਦੇ ਬੁਲਾਰੇ ਵਿਨੋਦ ਬਾਂਸਲ ਨੇ ਇਸ ਮੁੱਦੇ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਅਤੇ ਦਿੱਲੀ ਤੇ ਯੂ ਪੀ ਦੇ ਪੁਲਸ ਮੁਖੀਆਂ ਕੋਲ ਉਠਾਇਆ ਹੈ। ਯੂ ਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆ ਨਾਥ ਨੂੰ ਵੀ ਜਾਲ੍ਹਸਾਜ਼ਾਂ ਖਿਲਾਫ ਫੌਰੀ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਬਾਂਸਲ ਨੇ ਕਿਹਾ ਹੈ ਕਿ ਜਾਲ੍ਹਸਾਜ਼ ਕਿਊਆਰ ਕੋਡ ਦੇ ਸਕਰੀਨ ਸ਼ਾਟ ਭੇਜ ਕੇ ਰਾਮ ਮੰਦਰ ਦੇ ਨਾਂਅ ‘ਤੇ ਚੰਦਾ ਮੰਗ ਰਹੇ ਹਨ। ਉਨ੍ਹਾ ਨੂੰ ਇਸ ਬਾਰੇ ਹਾਲ ਹੀ ਵਿਚ ਪਤਾ ਲੱਗਾ ਹੈ। ਸ੍ਰੀ ਰਾਮ ਜਨਮ ਭੂਮੀ ਤੀਰਥ ਸ਼ੇਤਰ ਨਿਆਸ ਨੇ ਕਿਸੇ ਨੂੰ ਚੰਦਾ ਇਕੱਠਾ ਕਰਨ ਦਾ ਅਧਿਕਾਰ ਨਹੀਂ ਦਿੱਤਾ। ਪ੍ਰੀਸ਼ਦ ਦੇ ਜਨਰਲ ਸਕੱਤਰ ਮਿਲਿੰਦ ਪਰਾਂਡੇ ਨੇ ਕਿਹਾ ਕਿ ਮੰਦਰ ਦੇ ਅਭਿਸ਼ੇਕ ਸਮਾਰੋਹ ਲਈ ਕਿਸੇ ਨੂੰ ਚੰਦਾ ਇਕੱਠਾ ਕਰਨ ਲਈ ਵੱਖਰੀ ਕਮੇਟੀ ਬਣਾਉਣ ਜਾਂ ਰਸੀਦਾਂ ਛਾਪਣ ਦੀ ਆਗਿਆ ਨਹੀਂ ਦਿੱਤੀ ਗਈ।