ਨਵੀਂ ਦਿੱਲੀ : ਕਾਂਗਰਸ ਨੇ 14 ਜਨਵਰੀ ਤੋਂ ਸ਼ੁਰੂ ਕੀਤੀ ਜਾਣ ਵਾਲੀ ਭਾਰਤ ਨਿਆਏ ਯਾਤਰਾ ਦਾ ਨਾਂਅ ਬਦਲ ਕੇ ‘ਭਾਰਤ ਜੋੜੋ ਨਿਆਏ ਯਾਤਰਾ’ ਕਰ ਦਿੱਤਾ ਹੈ। ਪ੍ਰਧਾਨ ਮਲਿਕਾਰਜੁਨ ਖੜਗੇ ਦੀ ਪ੍ਰਧਾਨਗੀ ਵਿਚ ਵੀਰਵਾਰ ਇੱਥੇ ਹੋਈ ਵੱਡੇ ਆਗੂਆਂ ਦੀ ਮੀਟਿੰਗ ਵਿਚ ਇਹ ਫੈਸਲਾ ਕੀਤਾ ਗਿਆ। ਪਾਰਟੀ ਦਾ ਕਹਿਣਾ ਹੈ ਕਿ ਭਾਰਤ ਜੋੜੋ ਨਾਂਅ ਹੁਣ ਬਰਾਂਡ ਬਣ ਚੁੱਕਾ ਹੈ। ਯਾਤਰਾ ਦੀ ਸ਼ੁਰੂਆਤ ਰਾਹੁਲ ਗਾਂਧੀ ਮਨੀਪੁਰ ਦੀ ਰਾਜਧਾਨੀ ਇੰਫਾਲ ਤੋਂ ਕਰਨਗੇ। ਪਹਿਲਾਂ ਇਸ ਨੇ 14 ਰਾਜਾਂ ਵਿੱਚੋਂ ਲੰਘਣਾ ਸੀ, ਪਰ ਹੁਣ ਅਰੁਣਾਚਲ ਨੂੰ ਵੀ ਸ਼ਾਮਲ ਕਰ ਲਿਆ ਗਿਆ ਹੈ।
ਹਰਿਆਣਾ ਦੇ ਕਾਂਗਰਸ ਵਿਧਾਇਕ ਤੇ ਇਨੈਲੋ ਦੇ ਸਾਬਕਾ ਵਿਧਾਇਕ ’ਤੇ ਛਾਪੇ
ਚੰਡੀਗੜ੍ਹ : ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਵੀਰਵਾਰ ਹਰਿਆਣਾ ਕਾਂਗਰਸ ਵਿਧਾਇਕ ਸੁਰਿੰਦਰ ਪੰਵਾਰ, ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਸਾਬਕਾ ਵਿਧਾਇਕ ਦਿਲਬਾਗ ਸਿੰਘ ਅਤੇ ਕੁਝ ਹੋਰਨਾਂ ਦੇ ਟਿਕਾਣਿਆਂ ’ਤੇ ਯਮੁਨਾਨਗਰ ਜ਼ਿਲ੍ਹੇ ਵਿੱਚ ਕਥਿਤ ਗੈਰ-ਕਾਨੂੰਨੀ ਮਾਈਨਿੰਗ ਨਾਲ ਸੰਬੰਧਤ ਮਨੀ ਲਾਂਡਰਿੰਗ ਮਾਮਲੇ ’ਚ ਛਾਪੇ ਮਾਰੇ। ਮਨੀ ਲਾਂਡਰਿੰਗ ਰੋਕੂ ਕਾਨੂੰਨ ਦੀਆਂ ਵਿਵਸਥਾਵਾਂ ਤਹਿਤ ਯਮੁਨਾਨਗਰ, ਸੋਨੀਪਤ, ਮੁਹਾਲੀ, ਫਰੀਦਾਬਾਦ, ਚੰਡੀਗੜ੍ਹ ਅਤੇ ਕਰਨਾਲ ਵਿੱਚ ਦੋਵਾਂ ਨੇਤਾਵਾਂ ਅਤੇ ਉਨ੍ਹਾਂ ਨਾਲ ਜੁੜੀਆਂ ਸੰਸਥਾਵਾਂ ਦੇ 20 ਟਿਕਾਣਿਆਂ ਦੀ ਤਲਾਸ਼ੀ ਲਈ ਗਈ। ਪੰਵਾਰ ਸੋਨੀਪਤ ਤੋਂ ਹਰਿਆਣਾ ਵਿਧਾਨ ਸਭਾ ਦੇ ਮੈਂਬਰ ਹਨ, ਜਦਕਿ ਦਿਲਬਾਗ ਸਿੰਘ ਇਨੈਲੋ ਤੋਂ ਯਮੁਨਾਨਗਰ ਸੀਟ ਦੀ ਨੁਮਾਇੰਦਗੀ ਕਰ ਚੁੱਕੇ ਹਨ।




