ਨਵੀਂ ਦਿੱਲੀ : ਵੀਅਤਨਾਮ ਤੋਂ ਇਥੇ ਪੁੱਜੇ ਜਗਜੀਤ ਸਿੰਘ ਤੇ ਉਸ ਦੀ ਪਤਨੀ ਜਸਵਿੰਦਰ ਕੌਰ ਤੋਂ 45 ਪਿਸਤੌਲ ਬਰਾਮਦ ਕੀਤੇ ਗਏ ਹਨ | ਇਹ ਜੋੜਾ ਆਪਣੇ ਨਿੱਕੇ ਬੱਚੇ ਨਾਲ 10 ਜੁਲਾਈ ਨੂੰ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ‘ਤੇ ਉਤਰਿਆ ਸੀ | ਇਨ੍ਹਾਂ ਦੇ ਦੋ ਟਰਾਲੀ ਬੈਗਾਂ ਵਿਚ ਪਿਸਤੌਲ ਮਿਲੇ | ਇਹ ਬੈਗ ਪੈਰਿਸ ਤੋਂ ਪੁੱਜੇ ਜਗਜੀਤ ਦੇ ਵੱਡੇ ਭਰਾ ਮਨਜੀਤ ਸਿੰਘ ਨੇ ਦਿੱਤੇ ਸੀ, ਜਿਹੜਾ ਉਸੇ ਦਿਨ ਵੀਅਤਨਾਮ ਦੇ ਹੋ ਚੀ ਮਿਨ੍ਹ ਹਵਾਈ ਅੱਡੇ ‘ਤੇ ਪੁੱਜਾ ਸੀ, ਜਿਸ ਦਿਨ ਜੋੜੇ ਨੇ ਭਾਰਤ ਆਉਣਾ ਸੀ | ਉਹ ਹਵਾਈ ਅੱਡੇ ਤੋਂ ਹੀ ਖਿਸਕ ਗਿਆ ਸੀ | ਪਿਸਤੌਲਾਂ ਦੀ ਕੀਮਤ ਕਰੀਬ ਸਾਢੇ 22 ਲੱਖ ਰੁਪਏ ਬਣਦੀ ਹੈ | ਜੋੜੇ ਨੇ ਮੰਨਿਆ ਹੈ ਕਿ ਉਹ ਇਸ ਤੋਂ ਪਹਿਲਾਂ ਤੁਰਕੀ ਤੋਂ 25 ਪਿਸਤੌਲ ਲਿਆ ਚੁੱਕਾ ਹੈ | ਕਸਟਮਜ਼ ਅਧਿਕਾਰੀਆਂ ਨੇ ਕਿਹਾ ਕਿ ਬਾਲਿਸਟਿਕ ਰਿਪੋਰਟ ਤੋਂ ਪਤਾ ਲੱਗੇਗਾ ਕਿ ਫੜੇ ਗਏ ਪਿਸਤੌਲ ਅਸਲੀ ਹਨ ਜਾਂ ਨਕਲੀ, ਪਰ ਨੈਸ਼ਨਲ ਸਕਿਉਰਟੀ ਗਾਰਡ ਨੇ ਪੁਸ਼ਟੀ ਕੀਤੀ ਹੈ ਕਿ ਪਿਸਤੌਲ ਪੂਰੀ ਤਰ੍ਹਾਂ ਚੱਲਣ ਵਾਲੇ ਹਨ |