25 C
Jalandhar
Sunday, September 8, 2024
spot_img

ਸ੍ਰੀਲੰਕਾ ਦਾ ਨਾਢੂ ਖਾਂ ਭੱਜ ਗਿਆ, ਹਾਲਾਤ ਹੋਰ ਵਿਗੜੇ

ਕੋਲੰਬੋ : ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਵੱਲੋਂ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ ਦੇ ਮਾਲਦੀਵ ਭੱਜ ਜਾਣ ਤੋਂ ਬਾਅਦ ਕਾਰਜਕਾਰੀ ਰਾਸ਼ਟਰਪਤੀ ਵਜੋਂ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕਰਨ ਤੋਂ ਬਾਅਦ ਆਰਥਕ ਸੰਕਟ ‘ਚ ਫਸੇ ਦੇਸ਼ ‘ਚ ਪ੍ਰਦਰਸ਼ਨ ਹੋਰ ਜ਼ੋਰ ਫੜ ਗਏ | ਵਿਕਰਮਸਿੰਘੇ ਦੇ ਮੀਡੀਆ ਸਕੱਤਰ ਨੇ ਦੱਸਿਆ—ਪ੍ਰਧਾਨ ਮੰਤਰੀ ਨੇ ਕਾਰਜਕਾਰੀ ਰਾਸ਼ਟਰਪਤੀ ਵਜੋਂ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ ਅਤੇ ਪੱਛਮੀ ਸੂਬੇ ਵਿਚ ਕਰਫਿਊ ਲਗਾ ਦਿੱਤਾ ਹੈ |
ਵਿਕਰਮਸਿੰਘੇ ਨੇ ਕੌਮ ਨੂੰ ਸੰਬੋਧਨ ਵਿਚ ਦੇਸ਼ ਦੀ ਫੌਜ ਅਤੇ ਪੁਲਸ ਨੂੰ ਆਦੇਸ਼ ਦਿੱਤਾ ਕਿ ਉਹ ਵਿਵਸਥਾ ਬਹਾਲ ਕਰਨ ਲਈ ਜਿਹੜੇ ਜ਼ਰੂਰੀ ਕਦਮ ਚੁੱਕਣੇ ਹਨ, ਉਹ ਬਗੈਰ ਕਿਸੇ ਝਿਜਕ ਤੋਂ ਚੁੱਕਣ | ਉਨ੍ਹਾ ਦਾਅਵਾ ਕੀਤਾ ਕਿ ਫਾਸ਼ੀਵਾਦੀ ਸਰਕਾਰ ਹਥਿਆਉਣ ਦੀ ਕੋਸ਼ਿਸ਼ ਕਰ ਰਹੇ ਹਨ | ਗੋਟਬਾਯਾ ਦੇ ਭੱਜਣ ਤੋਂ ਬਾਅਦ ਪ੍ਰੋਟੈੱਸਟਰ ਪ੍ਰਧਾਨ ਮੰੰਤਰੀ ਰਾਨਿਲ ਵਿਕਰਮਸਿੰਘੇ ਦੇ ਦਫਤਰ ਵਿਚ ਵੜ ਗਏ ਤੇ ਉਨ੍ਹਾ ਦੇ ਅਸਤੀਫੇ ਦੀ ਮੰਗ ਕਰਨ ਲੱਗੇ | ਕੋਲੰਬੋ ਵਿਚ ਕਈ ਥਾਂਈਾ ਪ੍ਰੋਟੈੱਸਟਰਾਂ ‘ਤੇ ਹੰਝੂ ਗੈਸ ਤੇ ਜਲ-ਤੋਪਾਂ ਦੀ ਵਰਤੋਂ ਕੀਤੀ ਗਈ, ਜਿਸ ਨਾਲ ਕਈ ਜ਼ਖਮੀ ਹੋ ਗਏ | ਇਸੇ ਦੌਰਾਨ ਡਿਫੈਂਸ ਚੀਫ ਜਨਰਲ ਸ਼ਵੇਂਦਰ ਸਿਲਵਾ ਨੇ ਕਿਹਾ ਕਿ ਫੌਜਾਂ ਤੇ ਪੁਲਸ ਸੰਵਿਧਾਨ ਮੁਤਾਬਕ ਚੱਲਣਗੀਆਂ | ਉਨ੍ਹਾ ਸਿਆਸੀ ਆਗੂਆਂ ਨੂੰ ਬੇਨਤੀ ਕੀਤੀ ਕਿ ਉਹ ਨਵਾਂ ਰਾਸ਼ਟਰਪਤੀ ਬਣਨ ਤੱਕ ਅਮਨ ਕਾਇਮੀ ਦਾ ਕੋਈ ਰਾਹ ਲੱਭਣ |
ਗੋਟਬਾਯਾ ਰਾਜਪਕਸ਼ੇ ਬੁੱਧਵਾਰ ਫੌਜ ਦੇ ਜਹਾਜ਼ ਵਿਚ ਦੇਸ਼ ਛੱਡ ਕੇ ਮਾਲਦੀਵ ਪਹੁੰਚ ਗਏ | ਰਾਜਪਕਸ਼ੇ ਨੇ ਦੇਸ਼ ਦੀ ਅਰਥ ਵਿਵਸਥਾ ਨੂੰ ਨਾ ਸੰਭਾਲ ਸਕਣ ‘ਤੇ ਆਪਣੇ ਅਤੇ ਆਪਣੇ ਪਰਵਾਰ ਖਿਲਾਫ ਵਧ ਰਹੇ ਜਨਤਕ ਰੋਸ ਕਾਰਨ ਬੁੱਧਵਾਰ ਅਸਤੀਫਾ ਦੇਣ ਦਾ ਐਲਾਨ ਕੀਤਾ ਸੀ, ਪਰ ਉਹ ਅਸਤੀਫੇ ਦਿੱਤੇ ਬਿਨਾਂ ਭੱਜ ਗਏ | ਸ੍ਰੀਲੰਕਾਈ ਹਵਾਈ ਸੈਨਾ ਨੇ ਸੰਖੇਪ ਬਿਆਨ ਵਿਚ ਕਿਹਾ ਕਿ 73 ਸਾਲਾ ਨੇਤਾ ਆਪਣੀ ਪਤਨੀ ਅਤੇ ਦੋ ਸੁਰੱਖਿਆ ਅਧਿਕਾਰੀਆਂ ਨਾਲ ਫੌਜ ਦੇ ਜਹਾਜ਼ ਵਿਚ ਦੇਸ਼ ਛੱਡ ਗਏ | ਪ੍ਰਧਾਨ ਮੰਤਰੀ ਦਫਤਰ ਨੇ ਵੀ ਰਾਸ਼ਟਰਪਤੀ ਦੇ ਜਾਣ ਦੀ ਪੁਸ਼ਟੀ ਕੀਤੀ ਹੈ | ਦੱਸਿਆ ਜਾ ਰਿਹਾ ਹੈ ਕਿ ਨਵੀਂ ਸਰਕਾਰ ਵੱਲੋਂ ਗਿ੍ਫਤਾਰੀ ਦੀ ਸੰਭਾਵਨਾ ਤੋਂ ਬਚਣ ਲਈ ਰਾਜਪਕਸ਼ੇ ਅਸਤੀਫਾ ਦੇਣ ਤੋਂ ਪਹਿਲਾਂ ਵਿਦੇਸ਼ ਜਾਣਾ ਚਾਹੁੰਦੇ ਸਨ |
ਭਾਰਤ ਦਾ ਖੰਡਨ
ਕੋਲੰਬੋ : ਭਾਰਤ ਨੇ ਉਨ੍ਹਾਂ ਮੀਡੀਆ ਰਿਪੋਰਟਾਂ ਨੂੰ ‘ਬੇਬੁਨਿਆਦ’ ਕਰਾਰ ਦਿੱਤਾ, ਜਿਨ੍ਹਾਂ ਵਿਚ ਕਿਹਾ ਗਿਆ ਹੈ ਕਿ ਉਸ ਨੇ ਸ੍ਰੀਲੰਕਾ ਦੇ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ ਨੂੰ ਦੇਸ਼ ਛੱਡ ਕੇ ਮਾਲਦੀਵ ਭੱਜਣ ਵਿੱਚ ਮਦਦ ਕੀਤੀ ਹੈ | ਸ੍ਰੀਲੰਕਾ ਵਿਚ ਭਾਰਤੀ ਹਾਈ ਕਮਿਸ਼ਨ ਨੇ ਟਵੀਟ ਕਰਕੇ ਕਿਹਾ—ਹਾਈ ਕਮਿਸ਼ਨ ਮੀਡੀਆ ਦੀਆਂ ਇਨ੍ਹਾਂ ਰਿਪੋਰਟਾਂ ਨੂੰ ਖਾਰਜ ਕਰਦਾ ਹੈ ਤੇ ਬੇਬੁਨਿਆਦ ਕਰਾਰ ਦਿੰਦਾ ਹੈ ਕਿ ਭਾਰਤ ਨੇ ਗੋਟਬਾਯਾ ਰਾਜਪਕਸ਼ੇ ਨੂੰ ਸ੍ਰੀਲੰਕਾ ਤੋਂ ਬਾਹਰ ਕੱਢਣ ਵਿੱਚ ਮਦਦ ਕੀਤੀ |

Related Articles

LEAVE A REPLY

Please enter your comment!
Please enter your name here

Latest Articles