ਰਾਸ਼ਨ ਘਪਲੇ ’ਚ ਟੀ ਐੱਮ ਸੀ ਨੇਤਾ ਗਿ੍ਰਫ਼ਤਾਰ

0
151

ਕੋਲਕਾਤਾ : ਪੱਛਮੀ ਬੰਗਾਲ ਦੇ ਉਤਰੀ 24 ਪਰਗਨਾ ਜ਼ਿਲ੍ਹੇ ’ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਰਾਸ਼ਨ ਘਪਲੇ ਮਾਮਲੇ ’ਚ ਬੋਨਗਾਂਵ ਨਗਰ ਪਾਲਿਕਾ ਦੇ ਸਾਬਕਾ ਪ੍ਰਧਾਨ ਸ਼ੰਕਰ ਆਦਿਆ ਨੂੰ ਸ਼ਨੀਵਾਰ ਸਵੇਰੇ ਗਿ੍ਰਫ਼ਤਾਰ ਕਰ ਲਿਆ। ਅਧਿਕਾਰੀਆਂ ਅਨੁਸਾਰ ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਤਿ੍ਰਣਮੂਲ ਕਾਂਗਰਸ (ਟੀ ਐੱਮ ਸੀ) ਦੇ ਨੇਤਾ ਸ਼ੰਕਰ ਨੂੰ ਏਜੰਸੀ ਨੇ ਉਸ ਦੀ ਅਤੇ ਉਸ ਦੇ ਪਰਵਾਰਕ ਮੈਂਬਰਾਂ ਦੀਆਂ ਜਾਇਦਾਦਾਂ ’ਤੇ ਛਾਪੇਮਾਰੀ ਕਰਨ ਤੋਂ ਬਾਅਦ ਬੋਨਗਾਂਵ ਦੇ ਸਿਮੁਟੋਲਾ ਸਥਿਤ ਉਸ ਦੀ ਰਿਹਾਇਸ਼ ਤੋਂ ਗਿ੍ਰਫਤਾਰ ਕੀਤਾ।ਉਨ੍ਹਾ ਕਿਹਾ ਕਿ ਛਾਪੇਮਾਰੀ ਘੱਟੋ-ਘੱਟ 17 ਘੰਟੇ ਤੱਕ ਚੱਲੀ। ਉਨ੍ਹਾ ਕਿਹਾ ਕਿ ਜਦੋਂ ਅਧਿਕਾਰੀ ਸ਼ੰਕਰ ਨੂੰ ਗਿ੍ਰਫਤਾਰ ਕਰਨ ਤੋਂ ਬਾਅਦ ਲੈ ਕੇ ਜਾਣ ਲੱਗੇ ਤਾਂ ਸ਼ੰਕਰ ਦੇ ਸਮਰਥਕਾਂ ਨੇ ਕਥਿਤ ਤੌਰ ’ਤੇ ਉਨ੍ਹਾਂ ਦਾ ਰਸਤਾ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਅਧਿਕਾਰੀਆਂ ਦੀਆਂ ਗੱਡੀਆਂ ’ਤੇ ਪਥਰਾਅ ਵੀ ਕੀਤਾ।ਅਧਿਕਾਰੀਆਂ ਨੇ ਦੱਸਿਆ ਕਿ ਈ ਡੀ ਟੀਮ ਦੇ ਨਾਲ ਮੌਜੂਦ ਸੀ ਆਰ ਪੀ ਐੱਫ ਦੇ ਜਵਾਨਾਂ ਨੂੰ ਸਥਿਤੀ ’ਤੇ ਕਾਬੂ ਪਾਉਣ ਲਈ ਭੀੜ ’ਤੇ ਲਾਠੀਚਾਰਜ ਕਰਨਾ ਪਿਆ। ਉਨ੍ਹਾ ਦੀ ਪਤਨੀ ਜਿਓਤਸਨਾ ਆਦਿਆ ਨੇ ਦਾਅਵਾ ਕੀਤਾ ਕਿ ਜਾਂਚ ਦੌਰਾਨ ਜਾਂਚ ਏਜੰਸੀ ਦੇ ਅਧਿਕਾਰੀਆਂ ਦੇ ਨਾਲ ਸਹਿਯੋਗ ਕਰਨ ਦੇ ਬਾਵਜੂਦ ਉਨ੍ਹਾ ਦੇ ਪਤੀ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ।
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਪੱਛਮੀ ਬੰਗਾਲ ਦੇ ਸੰਦੇਸ਼ਖਾਲੀ ’ਚ ਈ ਡੀ ਦੀ ਟੀਮ ਰਾਸ਼ਨ ਘਪਲੇ ਨੂੰ ਲੈ ਕੇ ਟੀ ਐੱਮ ਸੀ ਨੇਤਾ ਸ਼ਾਹਜਹਾਂ ਸ਼ੇਖ ਦੇ ਟਿਕਾਣੇ ’ਤੇ ਛਾਪਾ ਮਾਰਨ ਪਹੁੰਚੀ ਸੀ। ਇਸ ਦੌਰਾਨ ਕਰੀਬ ਢਾਈ ਸੌ ਤੋਂ ਵੱਧ ਲੋਕਾਂ ਨੇ ਟੀਮ ਟੀਮ ਨੂੰ ਘੇਰ ਕੇ ਅਧਿਕਾਰੀਆਂ ’ਤੇ ਹਮਲਾ ਕਰ ਦਿੱਤਾ।
ਜਾਂਚ ਏਜੰਸੀਆਂ ਅਨੁਸਾਰ ਪੱਛਮੀ ਬੰਗਾਲ ’ਚ ਲਾਭਪਾਤਰੀਆਂ ਲਈ ਜਨਤਕ ਵੰਡ ਪ੍ਰਣਾਲੀ ਦਾ ਲਗਭਗ 30 ਫੀਸਦੀ ਰਾਸ਼ਨ ਖੁੱਲ੍ਹੇ ਬਾਜ਼ਾਰ ’ਚ ਭੇਜ ਦਿੱਤਾ ਗਿਆ ਸੀ।
ਟੀ ਐੱਮ ਸੀ ਨੇਤਾ ਦੀ ਗਿ੍ਰਫ਼ਤਾਰੀ ਅਤੇ ਈ ਡੀ ਦੀ ਟੀਮ ’ਤੇ ਹੋਏ ਹਮਲੇ ਤੋਂ ਬਾਅਦ ਪੱਛਮੀ ਬੰਗਾਲ ਦੀ ਰਾਜਨੀਤੀ ਇੱਕ ਵਾਰ ਫਿਰ ਤੋਂ ਚਰਚਾ ’ਚ ਆ ਗਈ ਹੈ। ਜਿੱਥੇ ਟੀ ਐੱਮ ਸੀ ’ਤੇ ਭਾਜਪਾ ਨੇ ਨਿਸ਼ਾਨਾ ਲਾਇਆ, ਉਥੇ ਹੀ ਕਾਂਗਰਸ ਨੇ ਵੀ ਸੂਬੇ ’ਚ ਰਾਸ਼ਟਰਪਤੀ ਸ਼ਾਸਨ ਦੀ ਮੰਗ ਕੀਤੀ। ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਈ ਡੀ ਦੀ ਟੀਮ ’ਤੇ ਹੋਏ ਹਮਲੇ ਨੂੰ ਲੈ ਕੇ ਤਿ੍ਰਣਮੂਲ ਕਾਂਗਰਸ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ’ਤੇ ਨਿਸ਼ਾਨਾ ਲਾਇਆ। ਉਨ੍ਹਾ ਦੋਸ਼ ਲਾਇਆ ਕਿ ਬੰਗਾਲ ’ਚ ਲੋਕਤੰਤਰ ਨਹੀਂ ਅਤੇ ਇਸ ਤਰ੍ਹਾਂ ਲੱਗਦਾ ਹੈ ਕਿ ਮਮਤਾ ਬੈਨਰਜੀ ਉਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਵਰਗੀ ਸਰਕਾਰ ਦੀ ਅਗਵਾਈ ਕਰ ਰਹੀ ਹੈ। ਉਨ੍ਹਾ ਕਿਹਾ ਪੱਛਮੀ ਬੰਗਾਲ ’ਚ ਲੋਕਤੰਤਰ ਵਰਗਾ ਕੁਝ ਨਹੀ। ਕਾਂਗਰਸ ਸਾਂਸਦ ਅਧੀਰ ਰੰਜਨ ਚੌਧਰੀ ਨੇ ਕਿਹਾਸੂਬੇ ’ਚ ਹੁਣ ਕਾਨੂੰਨ ਵਿਵਸਥਾ ਲੜਖੜਾ ਗਈ ਹੈ, ਉਨ੍ਹਾ ਕਿਹਾ ਕਿ ਜੇਕਰ ਟੀ ਐੱਮ ਸੀ ਸ਼ਾਸਤ ਸੂਬੇ ’ਚ ਅਧਿਕਾਰੀਆਂ ਦੀ ਹੱਤਿਆ ਹੋ ਜਾਵੇ ਤਾਂ ਉਨ੍ਹਾ ਨੂੰ ਹੈਰਾਨੀ ਨਹੀਂ ਹੋਵੇਗੀ। ਹਾਲਾਂਕਿ ਟੀ ਐੱਮ ਸੀ ਨੇ ਕਾਂਗਰਸ ਦੇ ਤਨਜ਼ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਕਾਂਗਰਸ ਨੇਤਾ ਭਾਜਪਾ ਦੇ ਏਜੰਟ ਹਨ। ਟੀ ਐੱਮ ਸੀ ਨੇਤਾ ਕੁਣਾਲ ਘੋਸ਼ ਨੇ ਕਿਹਾ, ‘ਅਧੀਰ ਰੰਜਨ ਚੌਧਰੀ ਭਾਜਪਾ ਦੇ ਏਜੰਟ ਹਨ।’ ਉਥੇ ਹੀ ਭਾਜਪਾ ਦੀ ਸੂਬਾ ਇਕਾਈ ਦੇ ਪ੍ਰਮੁੱਖ ਸੁਕਾਂਤ ਮਜੂਮਦਾਰ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਘਟਨਾ ਦੀ ਐੱਨ ਆਈ ਏ ਜਾਂਚ ਦੀ ਮੰਗ ਕੀਤੀ ਹੈ।

LEAVE A REPLY

Please enter your comment!
Please enter your name here