ਨਵੀਂ ਦਿੱਲੀ : ਇੰਡੋ-ਇਸਲਾਮਿਕ ਕਲਚਰਲ ਫਾਊਂਡੇਸ਼ਨ ਇਸ ਸਾਲ ਮਈ ਤੋਂ ਅਯੁੱਧਿਆ ’ਚ ਵਿਸ਼ਾਲ ਮਸਜਿਦ ਦਾ ਨਿਰਮਾਣ ਸ਼ੁਰੂ ਕਰੇਗੀ। ਇਸ ਨੂੰ ਪੂਰਾ ਹੋਣ ’ਚ ਤਿੰਨ-ਚਾਰ ਸਾਲ ਲੱਗਣ ਦੀ ਸੰਭਾਵਨਾ ਹੈ। ਮਸਜਿਦ ਪ੍ਰੋਜੈਕਟ ਦੀ ਨਿਗਰਾਨੀ ਕਰ ਰਹੀ ਇੰਡੋ-ਇਸਲਾਮਿਕ ਕਲਚਰਲ ਫਾਊਂਡੇਸ਼ਨ ਦੀ ਵਿਕਾਸ ਕਮੇਟੀ ਦੇ ਮੁਖੀ ਹਾਜੀ ਅਰਾਫਾਤ ਸ਼ੇਖ ਨੇ ਕਿਹਾ ਕਿ ਮਸਜਿਦ ਲਈ ਫੰਡ ਇਕੱਠਾ ਕਰਨ ਲਈ ਇੱਕ ਪਬਲਿਕ-ਫੰਡਿੰਗ ਵੈੱਬਸਾਈਟ ਸਥਾਪਤ ਕੀਤੇ ਜਾਣ ਦੀ ਸੰਭਾਵਨਾ ਹੈ। ਮਸਜਿਦ ਦਾ ਨਾਂਅ ਪੈਗੰਬਰ ਮੁਹੰਮਦ ਦੇ ਨਾਂਅ ’ਤੇ ‘ਮਸਜਿਦ ਮੁਹੰਮਦ ਬਿਨ ਅਬਦੁੱਲਾ’ ਰੱਖਿਆ ਜਾਵੇਗਾ, ਜੋ ਕਿ ਅਯੁੱਧਿਆ ਦੇ ਧੰਨੀਪੁਰ ਪਿੰਡ ’ਚ ਉਸਾਰੀ ਜਾਵੇਗੀ। ਸ਼ੇਖ ਨੇ ਕਿਹਾਸਾਡੀ ਕੋਸ਼ਿਸ਼ ਲੋਕਾਂ ’ਚ ਦੁਸ਼ਮਣੀ, ਨਫਰਤ ਨੂੰ ਖਤਮ ਕਰਕੇ ਪਿਆਰ ’ਚ ਬਦਲਣ ਦੀ ਹੈ… ਚਾਹੇ ਤੁਸੀਂ ਸੁਪਰੀਮ ਕੋਰਟ ਦਾ ਫੈਸਲਾ ਮੰਨੋ ਜਾਂ ਨਾ ਮੰਨੋ। ਉਨ੍ਹਾ ਇਹ ਵੀ ਕਿਹਾ ਕਿ ਜੇ ਅਸੀਂ ਆਪਣੇ ਬੱਚਿਆਂ ਅਤੇ ਲੋਕਾਂ ਨੂੰ ਚੰਗੀਆਂ ਗੱਲਾਂ ਸਿਖਾਵਾਂਗੇ ਤਾਂ ਇਹ ਸਾਰੀ ਲੜਾਈ ਰੁਕ ਜਾਵੇਗੀ।
ਸੁਪਰੀਮ ਕੋਰਟ ਨੇ 2019 ’ਚ ਕਿਹਾ ਸੀ ਕਿ 1992 ’ਚ ਬਾਬਰੀ ਮਸਜਿਦ ਨੂੰ ਢਾਹੁਣਾ ਗੈਰ-ਕਾਨੂੰਨੀ ਸੀ। ਹਾਲਾਂਕਿ ਅਦਾਲਤ ਨੇ ਫੈਸਲਾ ਦਿੱਤਾ ਕਿ ਬਾਬਰੀ ਮਸਜਿਦ ਦੇ ਹੇਠਾਂ ਇੱਕ ਗੈਰ-ਇਸਲਾਮਿਕ ਢਾਂਚਾ ਸੀ। ਅਦਾਲਤ ਨੇ ਫੈਸਲਾ ਦਿੱਤਾ ਸੀ ਕਿ ਵਿਵਾਦਤ ਜ਼ਮੀਨ ’ਤੇ ਮੰਦਰ ਬਣਾਇਆ ਜਾਵੇਗਾ ਅਤੇ ਮਸਜਿਦ ਬਣਾਉਣ ਲਈ ਮੁਸਲਿਮ ਪੱਖ ਨੂੰ ਜ਼ਮੀਨ ਦਾ ਇੱਕ ਟੁਕੜਾ ਮੁਹੱਈਆ ਕਰਵਾਇਆ ਜਾਵੇਗਾ।


