ਪਟਨਾ : ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਕਿਹਾਨਿਤੀਸ਼ ਕੁਮਾਰ ਨੂੰ ਵੀ ਪਤਾ ਨਹੀਂ ਕਿ ਉਹ ਕੀ ਕਹਿ ਰਹੇ ਹਨ। ਮੇਰੇ ਸ਼ਬਦ ਨੋਟ ਕਰ ਲਓ ਕਿ ਜਨਤਾ ਦਲ (ਯੂ) 2024 ਵਿਚ ਖਤਮ ਹੋ ਜਾਵੇਗਾ। ਉਹ ਜੋ ਮਰਜ਼ੀ ਕਰਨ, ਪਰ ਲੋਕ ਸਾਡੇ ਨਾਲ ਹਨ। ਮੈਂ ਨਿਤੀਸ਼ ਨੂੰ ਲਿਜਾਣ ਲਈ ਭਾਜਪਾ ਦਾ ਧੰਨਵਾਦੀ ਹਾਂ। ਨਿਤੀਸ਼ ਪ੍ਰਤੀ ਮੇਰੀ ਨਿੱਜੀ ਨਾਰਾਜ਼ਗੀ ਨਹੀਂ, ਪਰ ਉਹ ਥੱਕ ਚੁੱਕੇ ਮੁੱਖ ਮੰਤਰੀ ਹਨ। ਉਹ ਕਹਿੰਦੇ ਹੁੰਦੇ ਸਨ ਕਿ ਸਰਕਾਰੀ ਨੌਕਰੀਆਂ ਪੈਦਾ ਕਰਨੀਆਂ ਅਸੰਭਵ ਹਨ, ਪਰ ਜਦੋਂ ਅਸੀਂ ਉਨ੍ਹਾ ਨਾਲ ਮਿਲ ਕੇ ਸਰਕਾਰ ਬਣਾਈ ਤਾਂ 17 ਮਹੀਨਿਆਂ ਵਿਚ ਰਿਕਾਰਡ ਨੌਕਰੀਆਂ ਪੈਦਾ ਕੀਤੀਆਂ। ਇਹ ਨੌਕਰੀਆਂ ਪੈਦਾ ਕਰਨ ਦਾ ਸਿਹਰਾ ਅਸੀਂ ਕਿਉ ਨਾ ਲਈਏ। ਉਨ੍ਹਾ ਕਿਹਾ ਕਿ 2022 ਵਿਚ ਮਹਾਂਗਠਬੰਧਨ ਕਈ ਆਸਾਂ ਨਾਲ ਕਾਇਮ ਕੀਤਾ ਗਿਆ ਸੀ, ਪਰ ਨਿਤੀਸ਼ ਨੇ ਸਭ ਕਤਲ ਕਰ ਦਿੱਤੀਆਂ। ਮੈਂ ਪਿਛਲੀਆਂ ਗੱਲਾਂ ਵਿਚ ਨਹੀਂ ਪੈਣਾ ਚਾਹੁੰਦਾ ਤੇ ਅਸੀਂ ਅੱਗੇ ਵੱਲ ਦੇਖ ਰਹੇ ਹਾਂ। ਲੋਕ ਸਾਡੇ ਨਾਲ ਹਨ ਤੇ ਖੇਡ ਅਜੇ ਖਤਮ ਨਹੀਂ ਹੋਈ। ਲਾਲੂ ਦੇ ਵੱਡੇ ਬੇਟੇ ਤੇਜ ਪ੍ਰਤਾਪ ਯਾਦਵ ਨੇ ਨਿਤੀਸ਼ ਨੂੰ ਪਲਟਿਸ ਕੁਮਾਰ ਦੱਸਦਿਆਂ ਕਿਹਾ ਕਿ ਉਨ੍ਹਾ ਨੂੰ ਗਿਰਗਿਟ ਰਤਨ ਨਾਲ ਸਨਮਾਨਤ ਕੀਤਾ ਜਾਣਾ ਚਾਹੀਦਾ ਹੈ।



