ਮੁੰਬਈ : ਮਹਾਰਾਸ਼ਟਰ ਦੀ ਸ਼ਿੰਦੇ ਸਰਕਾਰ ਨੇ ਔਰੰਗਾਬਾਦ ਦਾ ਨਾਂਅ ਸੰਭਾਜੀ ਨਗਰ ਅਤੇ ਉਸਮਾਨਾਬਾਦ ਦਾ ਨਾਂਅ ਧਾਰਾਸ਼ਿਵ ਕਰਨ ਦਾ ਫੈਸਲਾ ਲਿਆ ਹੈ | ਇਸ ਤੋਂ ਇਲਾਵਾ ਨਵੀਂ ਮੁੰਬਈ ਹਵਾਈ ਅੱਡੇ ਦਾ ਨਾਂਅ ਡੀ ਬੀ ਪਾਟਿਲ ਕਰਨ ਦੇ ਫੈਸਲੇ ‘ਤੇ ਕੈਬਨਿਟ ਨੇ ਮੋਹਰ ਲਾਈ | ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਉਪ ਮੁੱਖ ਮੰਤਰੀ ਦਵੇਂਦਰ ਫੜਨਵੀਸ ਨੇ ਦੱਸਿਆ— ਊਧਵ ਠਾਕਰੇ ਨੇ ਆਪਣੀ ਆਖਰੀ ਕੈਬਨਿਟ ਮੀਟਿੰਗ ‘ਚ ਇਨ੍ਹਾਂ ਸ਼ਹਿਰਾਂ ਦਾ ਨਾਂਅ ਬਦਲਣਾ ਸੀ, ਹਾਲਾਂਕਿ ਉਨ੍ਹਾ ਦਾ ਇਹ ਫੈਸਲਾ ਗੈਰ-ਕਾਨੂੰਨੀ ਸੀ | ਇਸ ਲਈ ਇੱਕ ਵਾਰ ਫਿਰ ਤੋਂ ਦੋਵਾਂ ਸ਼ਹਿਰਾਂ ਅਤੇ ਹਵਾਈ ਅੱਡੇ ਦਾ ਨਾਂਅ ਬਦਲਿਆ ਗਿਆ ਹੈ | ਅਸਲ ‘ਚ ਸਿਆਸੀ ਸੰਕਟ ਸਮੇਂ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਨੇ ਆਪਣੀ ਆਖਰੀ ਕੈਬਨਿਟ ਮੀਟਿੰਗ ‘ਚ ਇਨ੍ਹਾਂ ਸ਼ਹਿਰਾਂ ਦੇ ਨਾਂਅ ਬਦਲਣ ਦਾ ਫੈਸਲਾ ਲਿਆ ਸੀ | ਹਾਲਾਂਕਿ, ਉਨ੍ਹਾ ਦੇ ਇਸ ਫੈਸਲੇ ਤੋਂ ਬਾਅਦ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਊਧਵ ਠਾਕਰੇ ਨੂੰ ਚਿੱਠੀ ਲਿਖ ਕੇ ਕਿਹਾ ਸੀ ਕਿ ਉਹ ਘੱਟ ਗਿਣਤੀ ਵਿੱਚ ਹੈ, ਇਸ ਲਈ ਉਹ ਲੋਕ ਲੁਭਾਊ ਫੈਸਲੇ ਨਹੀਂ ਲੈ ਸਕਦੇ | ਇਸ ਤੋਂ ਪਹਿਲਾਂ ਸੂਬੇ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਵੀ ਊਧਵ ਸਰਕਾਰ ਦੇ ਫੈਸਲੇ ‘ਤੇ ਇਤਰਾਜ਼ ਪ੍ਰਗਟਾਇਆ ਸੀ |