ਜੈਪੁਰ : ਰਾਜਸਥਾਨ ਦੇ ਕੋਟਾ ਵਿਚ 18 ਸਾਲ ਦੀ ਵਿਦਿਆਰਥਣ ਨਿਹਾਰਿਕਾ ਨੇ ਸੋਮਵਾਰ ਤੜਕੇ ਖੁਦਕੁਸ਼ੀ ਕਰ ਲਈ। ਕੋਟਾ ਦੇ ਡੀ ਐੱਸ ਪੀ ਧਰਮਵੀਰ ਸਿੰਘ ਨੇ ਦੱਸਿਆ ਕਿ ਕੁੜੀ ਆਪਣੇ ਮਾਤਾ-ਪਿਤਾ ਨਾਲ ਰਹਿ ਰਹੀ ਸੀ ਤੇ 30 ਜਨਵਰੀ ਨੂੰ ਹੋਣ ਵਾਲੇ ਜਾਇੰਟ ਐਂਟਰੈਂਸ ਐਗਜ਼ਾਮੀਨੇਸ਼ਨ (ਜੇ ਈ ਈ) ਦੀ ਤਿਆਰੀ ਕਰ ਰਹੀ ਸੀ। ਕੁੜੀ ਨੇ ਪਿੱਛੇ ਛੱਡੇ ਖੁਦਕੁਸ਼ੀ ਨੋਟ ਵਿਚ ਲਿਖਿਆ-ਮੰਮੀ-ਪਾਪਾ ਸੌਰੀ, ਆਈ ਐੱਮ ਲੂਜ਼ਰ, ਮੈਂ ਜੇ ਈ ਈ ਨਹੀਂ ਕਰ ਸਕੀ, ਇਸ ਲਈ ਮੈਂ ਸੁਸਾਈਡ ਕਰ ਰਹੀ ਹਾਂ। ਇਹੀ ਲਾਸਟ ਆਪਸ਼ਨ ਹੈ।
ਪੁਲਸ ਮੁਤਾਬਕ ਕੁੜੀ ਦਾ ਪਿਤਾ ਬੈਂਕ ਦਾ ਸਕਿਉਰਟੀ ਗਾਰਡ ਹੈ ਅਤੇ ਉਹ ਤਿੰਨ ਧੀਆਂ ਵਿਚ ਸਭ ਤੋਂ ਵੱਡੀ ਸੀ। ਇਹ ਘਟਨਾ ਬੋਰਖੇੜਾ ਥਾਣੇ ਦੇ ਇਲਾਕੇ ਵਿਚ ਹੈ, ਜਿਹੜਾ ਮੁਕਾਬਲੇ ਦੇ ਇਮਤਿਹਾਨਾਂ ਦੀ ਤਿਆਰੀ ਕਰਨ ਵਾਲਿਆਂ ਵੱਲੋਂ ਖੁਦਕੁਸ਼ੀਆਂ ਕਰਨ ਲਈ ਬਦਨਾਮ ਹੈ। ਡੀ ਐੱਸ ਪੀ ਨੇ ਦੱਸਿਆ ਕਿ ਕੁੜੀ ਦੇ 12ਵੀਂ ਵਿਚ ਚੰਗੇ ਨੰਬਰ ਨਹੀਂ ਆਏ ਸਨ। ਉਹ ਇਨ੍ਹਾਂ ਵਿਚ ਸੁਧਾਰ ਦੀ ਕੋਸ਼ਿਸ਼ ਕਰ ਰਹੀ ਸੀ ਤੇ ਜੇ ਈ ਈ ਦੀ ਤਿਆਰੀ ਵੀ ਕਰ ਰਹੀ ਸੀ। ਜਦੋਂ ਉਸ ਦਾ ਦਰਵਾਜ਼ਾ ਨਹੀਂ ਖੁੱਲ੍ਹਿਆ ਤਾਂ ਪਰਵਾਰ ਨੇ ਤੋੜ ਕੇ ਖੋਲ੍ਹਿਆ। ਇਸ ਸਾਲ ਕੋਟਾ ਵਿਚ ਕਿਸੇ ਵਿਦਿਆਰਥੀ ਵੱਲੋਂ ਖੁਦਕੁਸ਼ੀ ਦੀ ਇਹ ਦੂਜੀ ਘਟਨਾ ਹੈ।
ਪਿਛਲੇ ਹਫਤੇ ਜੇ ਈ ਈ ਦੀ ਤਿਆਰੀ ਕਰ ਰਹੇ ਯੂ ਪੀ ਦੇ ਮੁਰਾਦਾਬਾਦ ਦੇ ਮੁੰਡੇ ਨੇ ਖੁਦਕੁਸ਼ੀ ਕਰ ਲਈ ਸੀ। ਪਿਛਲੇ ਸਾਲ ਸ਼ਹਿਰ ਵਿਚ ਕਰੀਬ 30 ਵਿਦਿਆਰਥੀਆਂ ਨੇ ਖੁਦਕੁਸ਼ੀ ਕੀਤੀ ਸੀ।



