25.2 C
Jalandhar
Thursday, September 19, 2024
spot_img

ਸਾਨੂੰ ਨਿਤੀਸ਼ ਦੀ ਲੋੜ ਨਹੀਂ : ਰਾਹੁਲ

ਪਟਨਾ : ਬਿਹਾਰ ਦੇ ਮੁੱਖ ਮੰਤਰੀ ਤੇ ਜਨਤਾ ਦਲ (ਯੂ) ਦੇ ਪ੍ਰਧਾਨ ਨਿਤੀਸ਼ ਕੁਮਾਰ ਦੇ ਭਾਜਪਾ ਦੀ ਅਗਵਾਈ ਵਾਲੇ ਐੱਨ ਡੀ ਏ ਨਾਲ ਮੁੜ ਰਲ ਜਾਣ ਤੋਂ ਬਾਅਦ ਆਪਣੀ ਪਹਿਲੀ ਟਿੱਪਣੀ ਵਿਚ ਰਾਹੁਲ ਗਾਂਧੀ ਨੇ ਮੰਗਲਵਾਰ ਕਿਹਾ ਕਿ ਬਿਹਾਰ ਵਿਚ ਸਮਾਜੀ ਨਿਆਂ ਦੇਣ ਦੀ ਜ਼ਿੰਮੇਵਾਰੀ ‘ਮਹਾਂਗਠਬੰਧਨ’ ਨੇ ਲਈ ਹੈ ਤੇ ਉਸ ਨੂੰ ਨਿਤੀਸ਼ ਕੁਮਾਰ ਦੀ ਲੋੜ ਨਹੀਂ। (ਮਹਾਂਗਠਬੰਧਨ ਕਾਂਗਰਸ, ਰਾਜਦ ਤੇ ਖੱਬੀਆਂ ਪਾਰਟੀਆਂ ’ਤੇ ਅਧਾਰਤ ਹੈ)। ਆਪਣੀ ‘ਭਾਰਤ ਜੋੜੋ ਨਿਆਏ ਯਾਤਰਾ’ ਤਹਿਤ ਪੂਰਨੀਆ ਵਿਚ ਰੈਲੀ ਨੂੰ ਸੰਬੋਧਨ ਕਰਦਿਆਂ ਉਹਨਾ ਦੇਸ਼ ਵਿਚ ਜਾਤ ਅਧਾਰਤ ਜਨਗਣਨਾ ਦੀ ਅਹਿਮੀਅਤ ਦਾ ਜ਼ਿਕਰ ਵੀ ਕੀਤਾ। ਉਨ੍ਹਾ ਕਿਹਾ ਕਿ ਦਲਿਤਾਂ, ਓ ਬੀ ਸੀ ਤੇ ਹੋਰਨਾਂ ਦੀ ਅਸਲ ਆਬਾਦੀ ਦਾ ਪਤਾ ਲਾਉਣ ਲਈ ਦੇਸ਼ ਨੂੰ ਜਾਤ ਅਧਾਰਤ ਜਨਗਣਨਾ ਦੀ ਲੋੜ ਹੈ। ਉਨ੍ਹਾ ਬੇਰੁਜ਼ਗਾਰੀ ਤੇ ਆਰਥਕ ਅਨਿਆਂ ਦਾ ਜ਼ਿਕਰ ਕਰਦਿਆਂ ਦੋਸ਼ ਲਾਇਆ ਕਿ ਭਖਦੇ ਸਮਾਜੀ ਤੇ ਆਰਥਕ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਹੁਕਮਰਾਨ ਭਾਜਪਾ ਨਫਰਤ ਤੇ ਹਿੰਸਾ ਫੈਲਾ ਰਹੀ ਹੈ। ਰਾਹੁਲ ਨੇ ਨਿਤੀਸ਼ ਬਾਰੇ ਚੁਟਕਲਾ ਵੀ ਸੁਣਾਇਆ। ਉਨ੍ਹਾ ਕਿਹਾਤੁਹਾਡੇ ਸੀ ਐੱਮ ਰਾਜਪਾਲ ਕੋਲ ਸਹੁੰ ਚੁੱਕਣ ਗਏ ਤੇ ਸਹੁੰ ਚੁੱਕੀ। ਉਥੇ ਭਾਜਪਾ ਆਗੂ ਤੇ ਰਾਜਪਾਲ ਬੈਠੇ ਸਨ। ਸਹੁੰ ਚੁੱਕਣ ਦੇ ਬਾਅਦ ਵਾਪਸ ਸੀ ਐੱਮ ਹਾਊਸ ਪਰਤੇ। ਰਾਹ ਵਿਚ ਪਤਾ ਲੱਗਾ ਕਿ ਉਹ ਤਾਂ ਸ਼ਾਲ ਰਾਜਪਾਲ ਦੇ ਘਰ ਭੁੱਲ ਆਏ। ਡਰਾਈਵਰ ਨੂੰ ਕਿਹਾ ਕਿ ਗੱਡੀ ਮੋੜੋ, ਸ਼ਾਲ ਲਿਆਉਣਾ ਹੈ। ਵਾਪਸ ਪਰਤੇ ਤਾਂ ਰਾਜਪਾਲ ਨੇ ਨਿਤੀਸ਼ ਨੂੰ ਦੇਖ ਕੇ ਕਿਹਾ ਕਿ ਭਾਈ ਏਨੀ ਛੇਤੀ ਵਾਪਸ ਆ ਗਏ। ਇਹ ਹਾਲਤ ਹੈ ਬਿਹਾਰ ਦੀ। ਉਨ੍ਹਾ ਕਿਹਾ ਕਿ ਨਿਤੀਸ਼ ਥੋੜ੍ਹਾ ਜਿਹਾ ਦਬਾਅ ਪੈਣ ’ਤੇ ਯੂ-ਟਰਨ ਲੈ ਲੈਂਦੇ ਹਨ। ਉਨ੍ਹਾ ਕਿਹਾਮੈਂ ਨਿਤੀਸ਼ ਨੂੰ ਸਾਫ ਕਿਹਾ ਸੀ ਕਿ ਜਾਤੀ ਜਨਗਣਨਾ ਬਿਹਾਰ ਵਿਚ ਕਰਨੀ ਪਵੇਗੀ, ਅਸੀਂ ਇਸ ਵਿਚ ਛੋਟ ਨਹੀਂ ਦੇਵਾਂਗੇ। ਰਾਜਦ ਤੇ ਅਸੀਂ ਇਹ ਕੰਮ ਨਿਤੀਸ਼ ਜੀ ’ਤੇ ਦਬਾਅ ਪਾ ਕੇ ਕਰਵਾਇਆ। ਇਸ ਤੋਂ ਬਾਅਦ ਦੂਜੇ ਪਾਸੇ ਤੋਂ ਪ੍ਰੈਸ਼ਰ ਪਿਆ। ਭਾਜਪਾ ਨਹੀਂ ਚਾਹੁੰਦੀ ਸੀ ਕਿ ਇਸ ਦੇਸ਼ ਦਾ ਐੱਕਸਰੇ ਹੋਵੇ। ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਵੇ। ਪਤਾ ਲੱਗ ਜਾਵੇਗਾ ਕਿ ਕਿੰਨੇ ਦਲਿਤ ਹਨ, ਕਿੰਨੇ ਆਦਿਵਾਸੀ ਹਨ ਤੇ ਕਿੰਨੇ ਗਰੀਬ ਹਨ, ਭਾਜਪਾ ਇਹ ਨਹੀਂ ਚਾਹੁੰਦੀ। ਨਿਤੀਸ਼ ਵਿਚਾਲੇ ਫਸ ਗਏ। ਭਾਜਪਾ ਨੇ ਨਿਕਲਣ ਦਾ ਰਾਹ ਦਿੱਤਾ ਤੇ ਉਹ ਉਸ ਰਾਹ ਥਾਣੀਂ ਨਿਕਲ ਗਏ। ਬਿਹਾਰ ਵਿਚ ਸਮਾਜੀ ਨਿਆਂ ਦੇਣ ਦੀ ਜ਼ਿੰਮੇਵਾਰੀ ਸਾਡੇ ਗਠਬੰਧਨ ਦੀ ਹੈ, ਨਿਤੀਸ਼ ਕੁਮਾਰ ਦੀ ਇੱਥੇ ਕੋਈ ਲੋੜ ਨਹੀਂ, ਅਸੀਂ ਆਪਣਾ ਕੰੰਮ ਕਰ ਲਵਾਂਗੇ।

Related Articles

LEAVE A REPLY

Please enter your comment!
Please enter your name here

Latest Articles