ਦਿੱਲੀ ਦੀ ਪਟਿਆਲਾ ਕੋਰਟ ਵਿਚ ਐਡੀਸ਼ਨਲ ਸੈਸ਼ਨ ਜੱਜ ਹਰਦੀਪ ਕੌਰ ਦੇ ਅੱਗੇ ਇਕ ਦਿਲ ਦਹਿਲਾ ਦੇਣ ਵਾਲੀ ਰਿਪੋਰਟ ਪੇਸ਼ ਕੀਤੀ ਗਈ ਹੈ, ਜਿਸ ਦਾ ਨਾਤਾ ਪਿਛਲੇ ਸਾਲ ਸੰਸਦ ਵਿਚ ਦਾਖਲ ਹੋਏ ਨੌਜਵਾਨਾਂ ਨਾਲ ਹੈ। ਯੂ ਏ ਪੀ ਏ ਤਹਿਤ ਹਿਰਾਸਤ ਵਿਚ ਰੱਖੇ ਜਾ ਰਹੇ ਇਨ੍ਹਾਂ ਮੁਲਜ਼ਮਾਂ ਨੇ ਕੋਰਟ ਨੂੰ ਸੂਚਿਤ ਕੀਤਾ ਹੈ ਕਿ ਉਨ੍ਹਾਂ ਨੂੰ ਇਹ ਮਨਾਉਣ ਲਈ ਬਿਜਲੀ ਦੇ ਝਟਕੇ ਦੇਣ ਸਮੇਤ ਵੱਖ-ਵੱਖ ਤਰ੍ਹਾਂ ਦੇ ਤਸੀਹੇ ਦਿੱਤੇ ਗਏ ਕਿ ਉਨ੍ਹਾਂ ਇਹ ਹਰਕਤ ਆਪੋਜ਼ੀਸ਼ਨ ਪਾਰਟੀਆਂ ਦੇ ਕਹਿਣ ’ਤੇ ਕੀਤੀ ਸੀ। ਕਰੀਬ 70 ਕੋਰੇ ਕਾਗਜ਼ਾਂ ’ਤੇ ਧੱਕੇ ਨਾਲ ਦਸਤਖਤ ਕਰਵਾਏ ਗਏ। ਕੁੱਲ 6 ਵਿੱਚੋਂ 5 ਮੁਲਜ਼ਮਾਂ ਸਾਗਰ ਸ਼ਰਮਾ, ਮਨੋਰੰਜਨ ਡੀ, ਲਲਿਤ ਝਾਅ, ਮਹੇਸ਼ ਕੁਮਾਵਤ ਤੇ ਅਮੋਲ ਸ਼ਿੰਦੇ ਨੇ ਆਪਣੀ ਅਰਜ਼ੀ ਵਿਚ ਕਿਹਾ ਹੈ ਕਿ ਉਨ੍ਹਾਂ ਨੂੰ ਆਪਣੇ ਸੋਸ਼ਲ ਮੀਡੀਆ ਸਾਈਟਸ ਅਕਾਊਂਟਸ, ਈ-ਮੇਲ ਤੇ ਫੋਨ ਦੇ ਪਾਸਵਰਡ ਦੇਣ ਲਈ ਵੀ ਮਜਬੂਰ ਕੀਤਾ ਗਿਆ। ਪੋਲੀਗ੍ਰਾਫ ਟੈੱਸਟ ਕਰਨ ਵਾਲੇ ਅਧਿਕਾਰੀਆਂ ਨੇ ਦੋ ਮੁਲਜ਼ਮਾਂ ’ਤੇ ਸਿਆਸੀ ਪਾਰਟੀ ਜਾਂ ਲੀਡਰ ਦੀ ਇਸ ਮਾਮਲੇ ਵਿਚ ਸ਼ਮੂਲੀਅਤ ਲਈ ਨਾਂਅ ਲੈਣ ਦਾ ਦਬਾਅ ਪਾਇਆ।
ਪਿਛਲੇ ਸਾਲ 13 ਦਸੰਬਰ ਨੂੰ ਸੰਸਦ ਦੇ ਸਰਦ ਰੁੱਤ ਅਜਲਾਸ ਦੌਰਾਨ ਇਹ ਘਟਨਾ ਹੋਈ ਸੀ, ਜਿਸ ਨੂੰ ਸੁਰੱਖਿਆ ਵਿਚ ਗੰਭੀਰ ਚੂਕ ਦਾ ਮਾਮਲਾ ਮੰਨਿਆ ਗਿਆ ਸੀ। ਉਦੋਂ ਪੁਲਸ ਨੇ ਕਿਹਾ ਸੀ ਕਿ ਮੁਢਲੀ ਜਾਂਚ ਵਿਚ ਪਤਾ ਲੱਗਾ ਹੈ ਕਿ ਨੀਲਮ ਤੇ ਅਮੋਲ, ਜਿਹੜੇ ਸੰਸਦ ਦੇ ਬਾਹਰ ਫੜੇ ਗਏ ਸਨ, ਕੋਲ ਮੋਬਾਇਲ ਫੋਨ ਨਹੀਂ ਸੀ। ਕੋਈ ਬੈਗ ਜਾਂ ਪਛਾਣ ਪੱਤਰ ਵੀ ਨਹੀਂ ਸੀ। ਉਨ੍ਹਾ ਦਾ ਕਹਿਣਾ ਹੈ ਕਿ ਉਹ ਖੁਦ ਸੰਸਦ ਪੁੱਜੇ ਤੇ ਉਨ੍ਹਾਂ ਦਾ ਕਿਸੇ ਜਥੇਬੰਦੀ ਨਾਲ ਸੰਬੰਧ ਨਹੀਂ। ਉਸ ਦਿਨ ਦੋ ਨੌਜਵਾਨ ਦਰਸ਼ਕ ਗੈਲਰੀ ਤੋਂ ਲੋਕ ਸਭਾ ਦੀਆਂ ਬੈਂਚਾਂ ’ਤੇ ਕੁੱਦੇ ਸਨ ਤੇ ਉਨ੍ਹਾਂ ਰੰਗੀਨ ਧੂੰਆਂ ਛੱਡਿਆ ਸੀ। ਇਨ੍ਹਾਂ ਨੂੰ ਵੀ ਫੜ ਲਿਆ ਗਿਆ ਸੀ। ਦੋ ਹੋਰ ਵੀ ਫੜੇ ਗਏ ਸਨ। ਇਹ ਬੇਰੁਜ਼ਗਾਰੀ ਤੇ ਸਰਕਾਰੀ ਦਮਨ ਖਿਲਾਫ ਲੋਕਾਂ ਦਾ ਧਿਆਨ ਖਿੱਚਣਾ ਚਾਹੁੰਦੇ ਸਨ। ਦੇਸ਼ ਵਿਚ ਬੇਰੁਜ਼ਗਾਰੀ ਦਾ ਆਲਮ ਇਹ ਹੈ ਕਿ ਬਿਹਾਰ ਤੋਂ ਲੈ ਕੇ ਦਿੱਲੀ ਦੀਆਂ ਸੜਕਾਂ ਤੱਕ ਲੱਖਾਂ ਨੌਜਵਾਨ ਪ੍ਰਦਰਸ਼ਨ ਕਰ ਰਹੇ ਹਨ। ਮੁਲਜ਼ਮਾਂ ਦੇ ਫੋਨ ਤੇ ਸੋਸ਼ਲ ਮੀਡੀਆ ਸਾਈਟਸ ਨੂੰ ਪੁਲਸ ਕਿੰਨੀ ਵਾਰ ਖੰਗਾਲ ਚੁੱਕੀ ਹੈ ਤੇ ਬਿਨਾਂ ਨਾਂਅ ਦੱਸੇ ਅਧਿਕਾਰੀ ਜਾਣਕਾਰੀਆਂ ਜਨਤਕ ਵੀ ਕਰਦੇ ਆ ਰਹੇ ਹਨ। ਹਫਤਾ ਪਹਿਲਾਂ ਵੀ ਦਿੱਲੀ ਪੁਲਸ ਨੇ ਕਿਹਾ ਸੀ ਕਿ ਸਾਰੇ ਮੁਲਜ਼ਮ ਮਸ਼ਹੂਰ ਹੋਣ ਲਈ ਕੁਝ ਵੱਡਾ ਕਰਨਾ ਚਾਹੁੰਦੇ ਸਨ। ਇਨ੍ਹਾਂ ਤੋਂ ਇਲਾਵਾ ਪੁਲਸ ਨੂੰ ਪੜਤਾਲ ਵਿਚ ਕੁਝ ਵੀ ਨਹੀਂ ਲੱਭਾ । ਅਜਿਹੇ ਵਿਚ ਸਵਾਲ ਉਠਦਾ ਹੈ ਕਿ ਜਦ ਸਭ ਸ਼ੀਸ਼ੇ ਵਾਂਗ ਸਾਫ ਹੈ ਤਾਂ ਫਿਰ ਨਾਰਕੋ ਟੈੱਸਟ ਜਾਂ ਦਬਾਅ ਪਾ ਕੇ ਆਪੋਜ਼ੀਸ਼ਨ ਪਾਰਟੀ ਜਾਂ ਆਗੂ ਦਾ ਨਾਂਅ ਕਬੂਲ ਕਰਾਉਣ ਲਈ ਕਿਉ ਮਜਬੂਰ ਕੀਤਾ ਜਾ ਰਿਹਾ ਹੈ। ਜਿਸ ਭਾਜਪਾ ਸਾਂਸਦ ਦੇ ਪਾਸ ’ਤੇ ਨੌਜਵਾਨ ਸੰਸਦ ਵਿਚ ਦਾਖਲ ਹੋਏ ਸਨ, ਉਸ ਖਿਲਾਫ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ, ਪਰ ਆਪਣੀ ਪੀੜਾ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕਰਨ ਵਾਲੇ ਨੌਜਵਾਨਾਂ ਨੂੰ ਅਣਮਨੁੱਖੀ ਤਸੀਹੇ ਦਿੱਤੇ ਜਾ ਰਹੇ ਹਨ।



