ਚੰਡੀਗੜ੍ਹ (ਕਿ੍ਰਸ਼ਨ ਗਰਗ)-ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਪਾਣੀਪਤ ਵਿਚ ਇਕ ਲੜਾਈ-ਝਗੜੇ ਅਤੇ ਹਥਿਆਰ ਨਾਲ ਹਮਲਾ ਕਰਨ ਦੇ ਮਾਮਲੇ ਵਿਚ ਸਹੀ ਜਾਂਚ ਨਾ ਕਰਨ ’ਤੇ ਹਰਿਆਣਾ ਪੁਲਸ ਦੇ ਦੋ ਅਧਿਕਾਰੀਆਂ ਨੂੰ ਸਸਪੈਂਡ ਕਰਨ ਤੇ ਤੀਜੇ ਅਧਿਕਾਰੀ ਖਿਲਾਫ ਵਿਭਾਗੀ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ। ਨਾਲ ਹੀ ਇਸ ਮਾਮਲੇ ਦੀ 20 ਫਰਵਰੀ ਤੱਕ ਮੁੱਖ ਦਫਤਰ ਪੱਧਰ ’ਤੇ ਜਾਂਚ ਕਰਵਾ ਕਰਵਾ ਕੇ ਰਿਪੋਰਟ ਭੇਜਣ ਦੇ ਆਦੇਸ਼ ਦਿੱਤੇ ਹਨ। ਮੁੱਖ ਮੰਤਰੀ ਦੇ ਓ ਐੱਸ ਡੀ ਭੁਪੇਸ਼ਵਰ ਦਿਆਲ ਨੇ ਦੱਸਿਆ ਕਿ ਪਾਣੀਪਤ ਨਿਵਾਸੀ ਰਾਜੇਸ਼ ਗੁਪਤਾ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਅਤਰ ਰਾਈਸ ਐਂਡ ਜਨਰਲ ਮਿਲਜ਼ ਵਿੱਚੋਂ ਉਨ੍ਹਾ ਦੀ ਕੰਪਨੀ ਨੂੰ 18 ਫੁੱਟ ਚੌੜਾ ਰਸਤਾ ਮਿਲਿਆ ਹੋਇਆ ਹੈ। 19 ਸਤੰਬਰ 2021 ਨੂੰ ਸਵੇਰੇ 9 ਵਜੇ ਅਤਰ ਚੰਦ ਮਿੱਤਲ ਅਤੇ ਉਸ ਦੇ ਦੋਵਾਂ ਮੁੰਡਿਆਂ ਅੰਕੁਰ ਮਿੱਤਲ ਤੇ ਮਨੀਸ਼ ਮਿੱਤਲ ਨੇ 40-50 ਆਦਮੀਆਂ ਨੂੰ ਨਾਲ ਲੈ ਕੇ ਉਨ੍ਹਾਂ ਦੇ ਰਸਤੇ ਨੂੰ ਉਖਾੜ ਦਿੱਤਾ। ਸ਼ਾਮ ਨੂੰ ਫਿਰ 100 ਬਦਮਾਸ਼ਾਂ ਦੇ ਨਾਲ ਆਏ ਤੇ ਜਾਨ ਤੋਂ ਮਾਰਨ ਦੀ ਨਿਯਤ ਨਾਲ ਉਨ੍ਹਾਂ ’ਤੇ ਫਾਇਰ ਕੀਤੇ। ਸ਼ਿਕਾਇਤ ਦਰਜ ਹੋਣ ’ਤੇ ਇਸ ਮਾਮਲੇ ਦੀ ਜਾਂਚ ਉਸ ਸਮੇਂ ਦੇ ਏ ਐੱਸ ਆਈ ਰਾਮਨਿਵਾਸ ਅਤੇ ਇੰਸਪੈਕਟਰ ਉਮਰ ਮੁਹੰਮਦ ਵੱਲੋਂ ਕੀਤੀ ਗਈ ਅਤੇ ਸਚਾਈ ਨਾ ਹੋਣ ਦੀ ਗੱਲ ਕਹਿ ਕੇ ਜਾਂਚ ਰਿਪੋਰਟ ਨੂੰ ਬੰਦ ਕਰ ਦਿੱਤਾ ਗਿਆ। ਮੁੱਖ ਮੰਤਰੀ ਦੇ ਆਦੇਸ਼ਾਂ ਅਨੁਸਾਰ ਮਾਮਲੇ ਦੀ ਜਾਂਚ ਫਿਰ ਕਰਵਾਈ ਗਈ ਤਾਂ ਜਾਂਚ ਰਿਪੋਰਟ ਨੂੰ ਬੰਦ ਕਰਨਾ ਸ਼ੱਕੀ ਦੱਸਿਆ ਗਿਆ।