ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜੇਕਰ ਅਸੀਂ ਸਰਕਾਰੀ ਸਕੂਲਾਂ ‘ਚ 18 ਲੱਖ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਰਹੇ ਹਾਂ | ਇਹ ਇਤਿਹਾਸ ‘ਚ ਪਹਿਲੀ ਵਾਰ ਹੈ ਕਿ 99 ਫੀਸਦੀ ਨਤੀਜਾ ਆਇਆ ਹੈ | ਪਿਛਲੇ ਕੁਝ ਸਾਲਾਂ ‘ਚ ਚਾਰ ਲੱਖ ਦੇ ਕਰੀਬ ਬੱਚੇ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਸਰਕਾਰੀ ਸਕੂਲਾਂ ‘ਚ ਆਏ ਹਨ | ਦਿੱਲੀ ਦੇ ਸਰਕਾਰੀ ਹਸਪਤਾਲ ਸ਼ਾਨਦਾਰ ਕਰ ਦਿੱਤੇ ਹਨ | ਇੱਕ ਇੱਕ ਆਦਮੀ ਦਾ ਇਲਾਜ ਮੁਫ਼ਤ ਹੈ | ਤਾਂ ਕੀ ਅਸੀਂ ਰੇੜੀਆਂ ਵੰਡ ਰਹੇ ਹਾਂ | ਕੇਜਰੀਵਾਲ ਨੇ ਕਿਹਾ, ਅਸੀਂ ਜੇਕਰ 200 ਯੂਨਿਟ ਬਿਜਲੀ ਫਰੀ ਦੇ ਰਹੇ ਹਾਂ, ਬੱਸਾਂ ‘ਚ ਔਰਤਾਂ ਨੂੰ ਫਰੀ ਯਾਤਰਾ ਕਰਵਾ ਰਹੇ ਹਾਂ ਤਾਂ ਇਸ ‘ਚ ਗਲਤ ਕੀ ਹੈ | ਰੇੜੀਆਂ ਤਾਂ ਲੋਕ ਵੰਡ ਰਹੇ ਹਨ, ਜੋ ਆਪਣੇ ਲਈ ਹਜ਼ਾਰਾਂ ਕਰੋੜ ਰੁਪਏ ਦਾ ਜਹਾਜ਼ ਖਰੀਦ ਰਹੇ ਹਨ | ਜੇਕਰ ਮੰਤਰੀਆਂ ਦੇ ਘਰ 3-4 ਹਜ਼ਾਰ ਯੂਨਿਟ ਮੁਫ਼ਤ ਬਿਜਲੀ ਦੇ ਰਹੇ ਹਨ ਅਤੇ ਇਹ ਸੁਵਿਧਾ ਕੇਜਰੀਵਾਲ ਜੇਕਰ ਆਮ ਜਨਤਾ ਨੂੰ ਦੇ ਰਿਹਾ ਹੈ ਤਾਂ ਉਹ ਗਲਤ ਕੀ ਕਰ ਰਿਹਾ ਹੈ | ਪ੍ਰਧਾਨ ਮੰਤਰੀ ਮੋਦੀ ਨੇ ਸ਼ਨੀਵਾਰ ਨੂੰ ਬੁੰਦੇਲਖੰਡ ਐਕਸਪ੍ਰੈਸਵੇ ਦੇ ਉਦਘਾਟਨ ਮੌਕੇ ਰੇਵੜੀ ਸੰਸਕ੍ਰਿਤੀ ਮਤਲਬ ਸਰਕਾਰਾਂ ਵੱਲੋਂ ਮੁਫ਼ਤ ਸੁਵਿਧਾਵਾਂ ਦੇਣ ਨੂੰ ਲੈ ਕੇ ਨਿਸ਼ਾਨਾ ਸਾਧਿਆ ਸੀ |
ਕੇਜਰੀਵਾਲ ਨੇ ਤਨਜ਼ ਕੱਸਦੇ ਹੋਏ ਕਿਹਾ ਕਿ ਆਪਣੇ ਦੇਸ਼ ਦੇ ਬੱਚਿਆਂ ਨੂੰ ਫਰੀ ਅਤੇ ਚੰਗੀ ਸਿੱਖਿਆ ਦੇਣਾ ਅਤੇ ਲੋਕਾਂ ਦਾ ਚੰਗਾ ਅਤੇ ਮੁਫ਼ਤ ਇਲਾਜ ਕਰਾਉਣਾ, ਇਸ ਨੂੰ ਮੁਫ਼ਤ ਦੀ ਰੇੜੀ ਵੰਡਣਾ ਨਹੀਂ ਕਹਿੰਦੇ | ਅਸੀਂ ਇੱਕ ਵਿਕਸਿਤ ਅਤੇ ਗੌਰਵਸ਼ਾਲੀ ਭਾਰਤ ਦੀ ਨੀਂਹ ਰੱਖ ਰਹੇ ਹਾਂ | ਇਹ ਕੰਮ 75 ਸਾਲ ਪਹਿਲਾਂ ਹੋ ਜਾਣਾ ਚਾਹੀਦਾ ਸੀ | ਉਨ੍ਹਾ ਕਿਹਾ ਕਿ ਦਿੱਲੀ ਦੇ ਸਰਕਾਰੀ ਸਕੂਲਾਂ ‘ਚ 18 ਲੱਖ ਬੱਚੇ ਪੜ੍ਹਦੇ ਹਨ | ਦੇਸ਼ ਭਰ ‘ਚ ਸਰਕਾਰੀ ਸਕੂਲਾਂ ਦਾ ਬੇੜਾ ਗਰਗ ਸੀ, ਉਸੇ ਤਰ੍ਹਾਂ ਹੀ ਦਿੱਲੀ ਦੇ ਸਰਕਾਰੀ ਸਕੂਲਾਂ ਦੀ ਹਾਲਤ ਸੀ | 18 ਲੱਖ ਬੱਚਿਆਂ ਦਾ ਭਵਿੱਖ ਬਰਬਾਦ ਸੀ | ਅੱਜ ਅਸੀਂ ਜੇਕਰ ਇਨ੍ਹਾਂ ਬੱਚਿਆਂ ਦਾ ਭਵਿੱਖ ਠੀਕ ਕੀਤਾ ਤਾਂ ਮੈਂ ਕੀ ਗੁਨਾਹ ਕਰ ਰਿਹਾ ਹਾਂ?