ਸਾਬਕਾ ਡੀ ਐੱਸ ਪੀ ਰਾਕਾ ਘੀਰਾ ਦੋਸ਼ੀ ਕਰਾਰ

0
177

ਚੰਡੀਗੜ੍ਹ : ਸੀ ਬੀ ਆਈ ਕੋਰਟ ਨੇ ਸੋਮਵਾਰ 13 ਸਾਲ ਪੁਰਾਣੇ ਕੁਰੱਪਸ਼ਨ ਕੇਸ ਵਿਚ ਪੰਜਾਬ ਪੁਲਸ ਦੀ ਸਾਬਕਾ ਡੀ ਐੱਸ ਪੀ ਰਾਕਾ ਘੀਰਾ ਨੂੰ ਦੋਸ਼ੀ ਠਹਿਰਾਇਆ। ਸਜ਼ਾ ਬੁੱਧਵਾਰ ਸੁਣਾਈ ਜਾਵੇਗੀ। ਸੀ ਬੀ ਆਈ ਨੇ ਉਸਨੂੰ ਚੰਡੀਗੜ੍ਹ ਸਥਿਤ ਘਰ ਵਿਚ ਇਕ ਰਿਅਲਟਰ ਕੇ ਕੇ ਮਲਹੋਤਰਾ ਤੋਂ ਇਕ ਲੱਖ ਰੁਪਏ ਰਿਸ਼ਵਤ ਲੈਂਦੇ ਗਿ੍ਰਫਤਾਰ ਕੀਤਾ ਸੀ। ਉਸ ਵੇਲੇ ਉਹ ਮੁਹਾਲੀ ਵਿਚ ਡੀ ਐੱਸ ਪੀ ਤਾਇਨਾਤ ਸੀ। ਮਲਹੋਤਰਾ ਨੇ ਸ਼ਿਕਾਇਤ ਵਿਚ ਕਿਹਾ ਸੀ ਕਿ ਉਸਨੇ ਜਿਨ੍ਹਾਂ ਤੋਂ ਮੁੱਲਾਂਪੁਰ ਵਿਚ ਜ਼ਮੀਨ ਖਰੀਦੀ, ਉਨ੍ਹਾਂ ਦੀਆਂ ਸ਼ਿਕਾਇਤਾਂ ’ਤੇ ਪੰਜਾਬ ਪੁਲਸ ਨੇ ਉਸ ਵਿਰੁੱਧ ਪੰਜ ਕੇਸ ਦਰਜ ਕਰ ਲਏ। ਡੀ ਐੱਸ ਪੀ ਘੀਰਾ ਦੇ ਰੀਡਰ ਨੇ ਉਸ ਕੋਲ ਪਹੁੰਚ ਕਰਕੇ ਕਿਹਾ ਕਿ ਮਾਮਲਾ ਸੈਟਲ ਕਰਨ ਤੇ ਅੱਗੋਂ ਤੋਂ ਕੇਸ ਦਰਜ ਹੋਣ ਤੋਂ ਛੁਟਕਾਰੇ ਲਈ ਡੀ ਐੱਸ ਪੀ ਨੇ ਦੋ ਲੱਖ ਰੁਪਏ ਮੰਗੇ ਹਨ। ਉਸਨੇ ਇਸਦੀ ਸੀ ਬੀ ਆਈ ਨੂੰ ਸ਼ਿਕਾਇਤ ਕਰ ਦਿੱਤੀ।
ਵਿਸ਼ਵਕਰਮਾ ਯੋਜਨਾ ਤਹਿਤ 88 ਲੱਖ ਦੀ ਰਜਿਸਟ੍ਰੇਸ਼ਨ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਤਹਿਤ 88 ਲੱਖ ਲੋਕਾਂ ਨੇ ਰਜਿਸਟਰ ਕਰਵਾਇਆ ਹੈ। ਸਨਅਤੀ ਰਾਜ ਮੰਤਰੀ ਭਾਨੂ ਪ੍ਰਤਾਪ ਸਿੰਘ ਵਰਮਾ ਨੇ ਸੋਮਵਾਰ ਰਾਜ ਸਭਾ ’ਚ ਪ੍ਰਸ਼ਨ ਕਾਲ ਦੌਰਾਨ ਇਹ ਜਾਣਕਾਰੀ ਦਿੱਤੀ। ਇਕ ਹੋਰ ਸਵਾਲ ਦੇ ਜਵਾਬ ’ਚ ਉਨ੍ਹਾ ਦੱਸਿਆ ਕਿ ਐੱਮ ਅੱੈਸ ਐੱਮ ਈ ਨੂੰ ਅੱਗੇ ਵਧਾਉਂਦਿਆਂ ਹੋਰ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ, ਜਿਸ ਤਹਿਤ 125 ਕਰੋੜ ਰੁਪਏ ਦੀ ਲਾਗਤ ਨਾਲ ਦੇਸ਼ ਭਰ ’ਚ 53 ਕੇਂਦਰ ਬਣਾਏ ਜਾ ਚੁੱਕੇ ਹਨ ਅਤੇ 20 ਹੋਰ ਬਣਾਏ ਜਾ ਰਹੇ ਹਨ।
ਹਾਦਸੇ ’ਚ ਛੇ ਜੀਆਂ ਦੀ ਮੌਤ
ਕਾਨਪੁਰ : ਇੱਥੇ ਸੰਦਲਪੁਰ ਰੋਡ ’ਤੇ ਜਗਨਨਾਥਪੁਰ ਪਿੰਡ ਨੇੜੇ ਸੋਮਵਾਰ ਤੜਕੇ ਵਾਪਰੇ ਹਾਦਸੇ ’ਚ ਇੱਕੋ ਪਰਵਾਰ ਦੇ ਛੇ ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ ਦੋ ਬੱਚੇ ਜ਼ਖਮੀ ਹੋ ਗਏ। ਪਰਵਾਰ ਵਿਆਹ ਤੋਂ ਪਰਤ ਰਿਹਾ ਸੀ। ਡਰਾਈਵਰ ਕਾਰ ਤੋਂ ਸੰਤੁਲਨ ਗੁਆ ਬੈਠਾ ਅਤੇ ਕਾਰ ਨਾਲੇ ’ਚ ਪਲਟ ਗਈ।
ਭਾਰਤ ਨੇ ਦੂਜੇ ਟੈਸਟ ’ਚ ਇੰਗਲੈਂਡ ਨੂੰ ਹਰਾਇਆ
ਵਿਸ਼ਾਖਾਪਟਨਮ : ਭਾਰਤ ਨੇ ਪੰਜ ਮੈਚਾਂ ਦੀ ਲੜੀ ਦੇ ਦੂਜੇ ਮੈਚ ਦੇ ਚੌਥੇ ਦਿਨ ਸੋਮਵਾਰ ਇਥੇ ਇੰਗਲੈਂਡ ਨੂੰ 106 ਦੌੜਾਂ ਨਾਲ ਹਰਾ ਕੇ ਲੜੀ ਨੂੰ 1-1 ਦੀ ਬਰਾਬਰੀ ’ਤੇ ਲੈ ਆਂਦਾ। ਇੰਗਲੈਂਡ ਨੇ ਹੈਦਰਾਬਾਦ ’ਚ ਪਹਿਲਾ ਟੈਸਟ 28 ਦੌੜਾਂ ਨਾਲ ਜਿੱਤਿਆ ਸੀ। ਜਿੱਤ ਲਈ 399 ਦੌੜਾਂ ਦਾ ਪਿੱਛਾ ਕਰਦਿਆਂ ਇੰਗਲੈਂਡ ਦੀ ਟੀਮ ਦੂਜੀ ਪਾਰੀ ’ਚ 292 ਦੌੜਾਂ ’ਤੇ ਆਊਟ ਹੋ ਗਈ। ਇੰਗਲੈਂਡ ਲਈ ਜੈਕ ਕ੍ਰਾਊਲੀ ਨੇ ਸਭ ਤੋਂ ਵੱਧ 73 ਦੌੜਾਂ ਦੀ ਪਾਰੀ ਖੇਡੀ। ਭਾਰਤ ਲਈ ਜਸਪ੍ਰੀਤ ਬੁਮਰਾਹ ਅਤੇ ਰਵੀਚੰਦਰਨ ਅਸ਼ਵਿਨ ਨੇ ਇਸ ਪਾਰੀ ’ਚ ਤਿੰਨ-ਤਿੰਨ ਵਿਕਟਾਂ ਲਈਆਂ। ਤੀਜਾ ਟੈਸਟ 15 ਫਰਵਰੀ ਤੋਂ ਰਾਜਕੋਟ ’ਚ ਖੇਡਿਆ ਜਾਵੇਗਾ।

LEAVE A REPLY

Please enter your comment!
Please enter your name here