ਨਵੀਂ ਦਿੱਲੀ : ਮਹਾਰਾਸ਼ਟਰ, ਗੁਜਰਾਤ, ਕਰਨਾਟਕ, ਕੇਰਲ ਅਤੇ ਅਸਾਮ ਦੇ ਕਈ ਇਲਾਕਿਆਂ ‘ਚ ਭਾਰੀ ਮੀਂਹ ਤੋਂ ਬਾਅਦ ਹੜ੍ਹ ਦੀ ਸਥਿਤੀ ਗੰਭੀਰ ਹੈ | ਮਹਾਰਾਸ਼ਟਰ ‘ਚ ਮਾਨਸੂਨ ਆਉਣ ਤੋਂ ਬਾਅਦ ਹੁਣ ਤੱਕ 102 ਲੋਕਾਂ ਦੀ ਮੌਤ ਹੋ ਗਈ ਹੈ | ਉਧਰ ਗੁਜਰਾਤ ਦੇ 9 ਜ਼ਿਲਿ੍ਹਆਂ ‘ਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ | ਰਾਜਸਥਾਨ ਦੇ ਸ੍ਰੀਗੰਗਾਨਗਰ ‘ਚ ਭਾਰੀ ਮੀਂਹ ਤੋਂ ਬਾਅਦ ਫੌਜ ਨੇ ਮੋਰਚਾ ਸੰਭਾਲ ਲਿਆ ਹੈ | ਹੜ੍ਹ ਪ੍ਰਭਾਵਤ ਖੇਤਰਾਂ ‘ਚ ਲੋਕਾਂ ਦਾ ਜੀਵਨ ਵੀ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ ਹੈ | ਅਸਾਮ ‘ਚ ਹੜ੍ਹ ਕਾਰਨ 2.10 ਲੱਖ ਤੋਂ ਜ਼ਿਆਦਾ ਲੋਕ ਪਾਣੀ ਨਾਲ ਘਿਰੇ ਹੋਏ ਹਨ | ਦੇਸ਼ ‘ਚ ਮਾਨਸੂਨ ਨੂੰ ਆਏ 46 ਦਿਨ ਹੋ ਚੁੱਕੇ ਹਨ | ਹੁਣ ਤੱਕ ਪੂਰੇ ਦੇਸ਼ ‘ਚ ਆਮ ਨਾਲੋਂ 14 ਫੀਸਦੀ ਜ਼ਿਆਦਾ ਮੀਂਹ ਪੈ ਚੁੱਕਾ ਹੈ | 16 ਜੁਲਾਈ ਤੱਕ ਆਮ ਨਾਲੋਂ 294.2 ਮਿਲੀਮੀਟਰ ਮੀਟਰ ਜ਼ਿਆਦਾ ਮੀਂਹ ਪਿਆ | ਹਾਲਾਂਕਿ ਯੂ ਪੀ, ਬਿਹਾਰ, ਪੱਛਮੀ ਬੰਗਾਲ ਅਤੇ ਝਾਰਖੰਡ ਵਰਗੇ ਚਾਰ ਸੂਬਿਆਂ ‘ਚ ਸੋਕੇ ਵਰਗੇ ਹਾਲਾਤ ਹਨ | ਦੇਸ਼ ਦੀ ਕੁੱਲ ਆਬਾਦੀ ਦਾ ਕਰੀਬ 38 ਫੀਸਦੀ ਹਿੱਸਾ ਇਨ੍ਹਾਂ ਸੂਬਿਆਂ ‘ਚ ਰਹਿੰਦਾ ਹੈ |