ਨੰਗਲ (ਸੁਰਜੀਤ ਢੇਰ)-ਪੰਜਾਬ ਦੀ ਪ੍ਰਮੁੱਖ ਉਦਯੋਗਿਕ ਇਕਾਈ ਪੰਜਾਬ ਐਲਕਲੀਜ਼ ਕੈਮੀਕਲ ਲਿਮਟਿਡ (ਪੀਏਸੀਐੱਲ) ਜਿਹੜੀ ਨਿੱਜੀ ਹੱਥਾਂ ‘ਚ ਜਾ ਕੇ ਪ੍ਰਾਈਮੋ ਕੈਮੀਕਲ ਲਿਮਟਿਡ ਬਣ ਗਈ ਸੀ, ਦੇ ਪਲਾਂਟ ‘ਚ ਜ਼ਬਰਦਸਤ ਧਮਾਕਾ ਹੋਣ ਨਾਲ ਇਲਾਕੇ ‘ਚ ਸਨਸਨੀ ਫੈਲ ਗਈ | ਪੱਤਰਕਾਰਾਂ ਨਾਲ ਗੱਲ ਕਰਦਿਆਂ ਪ੍ਰਾਈਮੋ ਕੰਪਨੀ ਦੇ ਜੀਐੱਮ ਐੱਮ. ਪੀ. ਐੱਸ. ਵਾਲੀਆ ਨੇ ਕਿਹਾ ਕਿ ਘਟਨਾ ਸਾਡੀ ਕੰਪਨੀ ‘ਚ ਨਹੀਂ ਬਲਕਿ ਨਾਲ ਲੱਗਦੇ ਫਲੋਟਿਕ ਗਰੀਨ ਵੈਲਟ ਏਰੀਏ ‘ਚ ਦੁਪਹਿਰ ਸਵਾ ਇੱਕ ਵਜੇ ਦੇ ਕਰੀਬ ਹੋਈ | ਉਨ੍ਹਾਂ ਕਿਹਾ ਕਿ ਸਾਡਾ ਇਸ ਕੰਪਨੀ ਨਾਲ ਲੈਣ-ਦੇਣ ਤਾਂ ਹੈ ਪਰ ਵਾਰ-ਵਾਰ ਉਨ੍ਹਾਂ ਤੋਂ ਜਦੋਂ ਉਕਤ ਪਲਾਂਟ ਦੇ ਮਾਲਕ ਦਾ ਨਾਂਅ ਪੁੱਛਿਆ ਗਿਆ ਤਾਂ ਉਨ੍ਹਾਂ ਮਾਲਕ ਦਾ ਨਾਂਅ ਦੱਸਣ ਤੋਂ ਸਾਫ ਮਨ੍ਹਾ ਕਰ ਦਿੱਤਾ | ਉਨ੍ਹਾਂ ਕਿਹਾ ਕਿ ਹਾਦਸਾ ਕਿਵੇਂ ਵਾਪਰਿਆ, ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਪਰ ਅਸੀਂ ਮੌਕੇ ‘ਤੇ ਹੀ ਅੱਗ ਉੱਤੇ ਕਾਬੂ ਪਾ ਲਿਆ ਸੀ ਅਤੇ ਸਥਿਤੀ ਕਾਬੂ ਵਿੱਚ ਹੈ | ਜੀਐੱਮ ਨੇ ਕਿਹਾ ਕਿ ਜਾਨੀ ਨੁਕਸਾਨ ਕੁਝ ਨਹੀਂ ਹੋਇਆ | ਧਮਾਕੇ ਤੋਂ ਬਾਅਦ ਲਾਗਲੇ ਪਿੰਡਾਂ ਦੇ ਲੋਕ ਕੰਪਨੀ ਬਾਹਰ ਇੱਕਠੇ ਹੋ ਗਏ | ਹਾਂਲਾਕਿ ਕੰਪਨੀ ਦੀ ਸਕਿਓਰਿਟੀ ਵੱਲੋਂ ਉਨ੍ਹਾਂ ਨੂੰ ਕੰਪਨੀ ਦੇ ਗੇਟ ਅੰਦਰ ਨਹੀਂ ਜਾਣ ਦਿੱਤਾ ਗਿਆ ਪਰ ਉਨ੍ਹਾਂ ਵੱਲੋਂ ਕੰਪਨੀ ਦੇ ਗੇਟ ਬਾਹਰ ਖੜ੍ਹੇ ਹੋ ਕੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ | ਪੱਤਰਕਾਰਾਂ ਨਾਲ ਗੱਲ ਕਰਦਿਆਂ ਰਣਜੀਤ ਸਿੰਘ ਮਲੂਕਪੁਰ (ਪ੍ਰਧਾਨ ਹਿਮਾਚਲ ਕਿਸਾਨ ਸਭਾ ਊਨਾ) ਨੇ ਕਿਹਾ ਕਿ ਕੰਪਨੀ ਦੀ ਸਕਿਓਰਿਟੀ ਨੇ ਸਾਡੇ ਨਾਲ ਪਹਿਲਾਂ ਗਲਤ ਵਤੀਰਾ ਅਪਣਾਇਆ | ਬਾਅਦ ‘ਚ ਅਸੀਂ ਅੰਦਰ ਜਾ ਕੇ ਸਾਰਾ ਮਾਹੌਲ ਵੇਖਿਆ |
ਧਮਾਕਾ ਬਹੁਤ ਜ਼ਬਰਦਸਤ ਸੀ ਪਰ ਕੰਪਨੀ ਮੈਨੇਜਮੈਂਟ, ਮੀਡੀਆ ਅਤੇ ਲੋਕਾਂ ਤੋਂ ਪੱਕਾ ਕੁਝ ਲੁਕਾ ਰਹੀ ਹੈ | ਉਨ੍ਹਾਂ ਕਿਹਾ ਕਿ ਜਦੋਂ ਦੀ ਕੰਪਨੀ ਨਿੱਜੀ ਹੱਥਾਂ ਵਿੱਚ ਆਈ ਹੈ, ਲਗਾਤਾਰ ਕੰਪਨੀ ‘ਚ ਹਾਦਸੇ ਵਾਪਰ ਰਹੇ ਹਨ | ਉਨ੍ਹਾਂ ਕਿਹਾ ਕਿ ਉਕਤ ਕੰਪਨੀ ਕਾਰਨ ਲੋਕਾਂ ਨੂੰ ਹੀ ਨਹੀਂ ਬਲਕਿ ਸਾਡੀਆਂ ਜ਼ਮੀਨਾਂ ਨੂੰ ਵੀ ਕੈਂਸਰ ਹੋ ਚੁੱਕਿਆ ਹੈ ਜਿਸਨੂੰ ਲੈ ਕੇ ਬੀਤੇ ਹੀ ਦਿਨ ਅਸੀਂ ਡੀਸੀ ਰੋਪੜ ਨੂੰ ਵੀ ਮਿਲੇ |



