ਚੰਡੀਗੜ੍ਹ : ਮਹਾਰਾਸ਼ਟਰ ਦੀ ਭਾਜਪਾ ਸਰਕਾਰ ਵੱਲੋਂ ਸਿੱਖ ਗੁਰਦਵਾਰਾ ਸਚਖੰਡ ਸ੍ਰੀ ਹਜ਼ੂਰ ਅਬਚਲ ਨਗਰ ਸਾਹਿਬ ਐਕਟ 1956 ਵਿਚ ਕੀਤੀ ਗਈ ਤਰਮੀਮ ਦੀ ਪੰਜਾਬ ਸੀ ਪੀ ਆਈ ਨੇ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਇਸ ਨੂੰ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿਚ ਸਿੱਧਾ ਦਖਲ ਅਤੇ ਅੱਤ ਦੀ ਭੜਕਾਊ ਕਾਰਵਾਈ ਕਿਹਾ ਹੈ |
ਯਾਦ ਰਹੇ ਕਿ ਨਵੀਂ ਤਰਮੀਮ ਮੁਤਾਬਿਕ ਗੁਰਦਵਾਰਾ ਪ੍ਰਬੰਧਕੀ ਬੋਰਡ ਦੇ ਕੁਲ 17 ਮੈਂਬਰਾਂ ਵਿਚੋਂ 12 ਮੈਂਬਰ ਸਰਕਾਰ ਵੱਲੋਂ ਨਾਮਜ਼ਦ ਕੀਤੇ ਜਾਣਗੇ, ਭਾਵ ਸਰਕਾਰ ਦਾ ਮੁਕੰਮਲ ਕੰਟਰੋਲ ਹੋਵੇਗਾ | ਸਾਥੀ ਬੰਤ ਸਿੰਘ ਬਰਾੜ ਸਕੱਤਰ ਪੰਜਾਬ ਸੀ ਪੀ ਆਈ ਨੇ ਆਖਿਆ ਕਿ ਇਸ ਤੋਂ ਵੀ ਵੱਧ ਸ਼੍ਰੋਮਣੀ ਪ੍ਰਬੰਧਕ ਕਮੇਟੀ ਵੱਲੋਂ ਨਾਮਜ਼ਦ 4 ਮੈਂਬਰਾਂ ਨੂੰ ਘਟਾ ਕੇ 2 ਕਰ ਦਿੱਤਾ ਗਿਆ ਹੈ ਅਤੇ ਚੀਫ ਖਾਲਸਾ ਦੀਵਾਨ ਅਤੇ ਹਜ਼ੂਰੀ ਸਚਖੰਡ ਦੀਵਾਨ ਦੀ ਪ੍ਰਤੀਨਿਧਤਾ ਉੱਕਾ ਹੀ ਖਤਮ ਕਰ ਦਿੱਤੀ ਹੈ ਤੇ ਇਸੇ ਪ੍ਰਕਾਰ 2 ਸਿੱਖ ਐੱਮ ਪੀਜ਼ ਦੀ ਪ੍ਰਤੀਨਿਧਤਾ ਵਾਲੀ ਕਲਾਜ਼ ਵੀ ਉਡਾ ਦਿੱਤੀ ਗਈ ਹੈ | ਸਾਥੀ ਬਰਾੜ ਨੇ ਦੋਸ਼ ਲਾਇਆ ਕਿ ਭਾਜਪਾ ਸਰਕਾਰ ਆਰ ਐੱਸ ਐੱਸ ਦੀਆਂ ਨੀਤੀਆਂ ਅਨੁਸਾਰ ਘੱਟ-ਗਿਣਤੀਆਂ ਦੇ ਧਾਰਮਿਕ ਮਸਲਿਆਂ ਵਿਚ ਸਿੱਧਾ ਦਖਲ ਦੇ ਕੇ ਭੜਕਾਊ ਕਾਰਵਾਈਆਂ ਕਰਕੇ ਦੇਸ਼ ਦੇ ਸੰਵਿਧਾਨ ਦੀਆਂ ਧੱਜੀਆਂ ਉਡਾ ਰਹੀ ਹੈ | ਇਸ ਪ੍ਰਕਾਰ ਸਟੇਟ ਦੇ ਧਰਮਾਂ ਪ੍ਰਤੀ ਸੈਕੂਲਰ ਰਹਿਣ ਦੇ ਸਿਧਾਂਤ ਨੂੰ ਪੈਰਾਂ ਹੇਠ ਲਿਤਾੜਿਆ ਜਾ ਰਿਹਾ ਹੈ | ਸਾਥੀ ਬਰਾੜ ਨੇ ਅਪੀਲ ਕੀਤੀ ਹੈ ਕਿ ਭਾਜਪਾ ਨੂੰ ਅਜਿਹੀਆਂ ਫੁੱਟਪਾਊ ਫਿਰਕੂ ਅਤੇ ਭੜਕਾਊ ਕਾਰਵਾਈਆਂ ਫੌਰਨ ਖਤਮ ਕਰਨੀਆਂ ਚਾਹੀਦੀਆਂ ਹਨ ਅਤੇ ਤਰਮੀਮ ਬਿਨਾਂ ਕਿਸੇ ਦੇਰੀ ਤੋਂ ਵਾਪਸ ਲੈਣੀ ਚਾਹੀਦੀ ਹੈ |


