22.6 C
Jalandhar
Friday, October 18, 2024
spot_img

ਕਿਸਾਨਾਂ ’ਤੇ ਹੋ ਰਹੇ ਜਬਰ ਖਿਲਾਫ ਅੱਜ ਕਰਾਂਗੇ ਰੇਲਾਂ ਦਾ ਚੱਕਾ ਜਾਮ : ਮਨਜੀਤ ਧਨੇਰ

ਬੁਢਲਾਡਾ, (ਅਸ਼ੋਕ ਲਾਕੜਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਐਮਰਜੈਂਸੀ ਸੂਬਾਈ ਮੀਟਿੰਗ ਗੁਰਦੀਪ ਸਿੰਘ ਰਾਮਪੁਰਾ ਦੀ ਪ੍ਰਧਾਨਗੀ ਹੇਠ ਡੀ ਐੱਸ ਪੀ ਬੁਢਲਾਡਾ ਦੇ ਦਫਤਰ ਅੱਗੇ ਲੱਗੇ ਹੋਏ ਪੱਕੇ ਮੋਰਚੇ ਵਿੱਚ ਹੋਈ। ਮੀਟਿੰਗ ਵਿੱਚ ਸੂਬਾ ਕਮੇਟੀ ਤੋਂ ਇਲਾਵਾ 13 ਜ਼ਿਲ੍ਹਿਆਂ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਹਾਜ਼ਰ ਸਨ।
ਮੀਟਿੰਗ ਨੇ ਸਰਬਸੰਮਤੀ ਨਾਲ ਦਿੱਲੀ ਜਾਣ ਵਾਲੇ ਕਿਸਾਨਾਂ ਦੇ ਰਸਤੇ ਵਿੱਚ ਕਿੱਲ, ਕੰਕਰੀਟ ਦੇ ਬਲਾਕ ਅਤੇ ਹੋਰ ਰੋਕਾਂ ਲਾਉਣ ਅਤੇ ਕਿਸਾਨਾਂ ਖਿਲਾਫ ਅੱਥਰੂ ਗੈਸ ਵਗੈਰਾ ਦੀ ਬੇਦਰੇਗ ਵਰਤੋਂ ਕਰਨ ਲਈ ਖੱਟਰ ਅਤੇ ਮੋਦੀ ਸਰਕਾਰ ਦੀ ਸਖਤ ਨਿਖੇਧੀ ਕੀਤੀ ਅਤੇ ਇਸ ਜਬਰ ਖਿਲਾਫ 15 ਫਰਵਰੀ ਨੂੰ 12 ਵਜੇ ਤੋਂ ਸ਼ਾਮ ਚਾਰ ਵਜੇ ਤੱਕ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ। ਜੇਕਰ ਜਬਰ ਹੋਰ ਵਧਦਾ ਹੈ ਤਾਂ ਤੁਰੰਤ ਮੀਟਿੰਗ ਕਰ ਕੇ ਹੋਰ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।
ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਕਿਹਾ ਕਿ ਖੱਟਰ ਅਤੇ ਮੋਦੀ ਸਰਕਾਰ ਕਿਸਾਨਾਂ ਤੋਂ ਸੰਘਰਸ਼ ਕਰਨ ਦਾ ਜਮਹੂਰੀ ਹੱਕ ਖੋਹ ਰਹੀ ਹੈ। ਦਿੱਲੀ ਜਾਣ ਵਾਲੇ ਕਿਸਾਨਾਂ ਦੀਆਂ ਮੰਗਾਂ ਪੂਰੀ ਤਰਾਂ ਜਾਇਜ਼ ਹਨ। ਸਾਡੇ ਆਗੂਆਂ ਨਾਲ ਮਤਭੇਦ ਹੋ ਸਕਦੇ ਹਨ, ਪਰ ਪੰਜਾਬ ਦੇ ਲੋਕ ਸਾਡੇ ਆਪਣੇ ਹਨ। ਜੇਕਰ ਸਰਕਾਰ ਨੇ ਕਿਸਾਨਾਂ ਖਿਲਾਫ ਹਿੰਸਾ ਕੀਤੀ ਤਾਂ ਜਿਸ ਤਰ੍ਹਾਂ ਲੌਂਗੋਵਾਲ ਵਿਖੇ ਕਿਸਾਨ ਦੀ ਸ਼ਹਾਦਤ ਤੋਂ ਬਾਅਦ ਸਾਰੀਆਂ ਜਥੇਬੰਦੀਆਂ ਹਮਾਇਤ ’ਤੇ ਆਈਆਂ ਸਨ, ਸਾਡੀ ਜਥੇਬੰਦੀ ਉਸੇ ਤਰ੍ਹਾਂ ਡਟ ਕੇ ਤਿੱਖਾ ਵਿਰੋਧ ਕਰੇਗੀ। ਇਸ ਤੋਂ ਇਲਾਵਾ ਕੁਲਰੀਆਂ ਦੇ ਕਿਸਾਨਾਂ ਨੂੰ ਇਨਸਾਫ ਦਿਵਾਉਣ ਲਈ ਡੀ ਐੱਸ ਪੀ ਬੁਡਲਾਢਾ ਦੇ ਦਫਤਰ ਅੱਗੇ ਛੇ ਜਨਵਰੀ ਤੋਂ ਚੱਲ ਰਹੇ ਪੱਕੇ ਮੋਰਚੇ ਬਾਰੇ ਅਤੇ 16 ਫਰਵਰੀ ਨੂੰ ‘ਭਾਰਤ ਬੰਦ’ ਦੀ ਕਾਲ ਬਾਰੇ ਵਿਚਾਰਾਂ ਕੀਤੀਆਂ ਗਈਆਂ। ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਹਰੀਸ਼ ਨੱਢਾ ਅਤੇ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਦੱਸਿਆ ਕਿ ਪੱਕਾ ਮੋਰਚਾ ਲੱਗੇ ਨੂੰ ਚਾਲੀ ਦਿਨ ਹੋ ਗਏ ਹਨ, ਪਰ ਪੰਜਾਬ ਦੀ ਮਾਨ ਸਰਕਾਰ ਕਿਸਾਨਾਂ ਦਾ ਸਬਰ ਪਰਖ ਰਹੀ ਹੈ। ਜਥੇਬੰਦੀ ਨੇ ਫੈਸਲਾ ਕੀਤਾ ਕਿ ਸਰਕਾਰ ਦੀ ਸਾਜ਼ਿਸ਼ੀ ਚੁੱਪ ਨੂੰ ਤੋੜਨ ਲਈ 16 ਫਰਵਰੀ ਤੋਂ ਬਾਅਦ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। 16 ਫਰਵਰੀ ਨੂੰ ਭਾਰਤ ਬੰਦ ਦੀਆਂ ਤਿਆਰੀਆਂ ਮੁਕੰਮਲ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਪੰਜਾਬ ਦੇ 13 ਜ਼ਿਲ੍ਹਿਆਂ ਵਿੱਚ ਗੱਜਵੱਜ ਕੇ ਭਾਰਤ ਬੰਦ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਵੇਗੀ। ਮੀਟਿੰਗ ਵਿੱਚ ਸੂਬਾ ਕਮੇਟੀ ਮੈਂਬਰ ਮੱਖਣ ਸਿੰਘ ਭੈਣੀ ਬਾਘਾ, ਸੂਬਾ ਖਜ਼ਾਨਚੀ ਬਲਵੰਤ ਸਿੰਘ ਉੱਪਲੀ, ਸੂਬਾ ਪ੍ਰੈੱਸ ਸਕੱਤਰ ਅੰਗਰੇਜ਼ ਸਿੰਘ ਮੁਹਾਲੀ ਤੋਂ ਇਲਾਵਾ ਲੁਧਿਆਣਾ ਤੋਂ ਜਗਤਾਰ ਸਿੰਘ ਦੇਹੜਕਾ, ਬਠਿੰਡਾ ਤੋਂ ਬਲਵਿੰਦਰ ਸਿੰਘ ਫੌਜੀ ਅਤੇ ਹਰਵਿੰਦਰ ਸਿੰਘ ਕੋਟਲੀ, ਫਾਜ਼ਿਲਕਾ ਤੋਂ ਹਰਮੀਤ ਸਿੰਘ, ਸੁਖਦੇਵ ਸਿੰਘ ਜਮਾਲ ਕੇ ਅਤੇ ਸਾਜਨ ਕੰਬੋਜ, ਬਰਨਾਲਾ ਤੋਂ ਸਾਹਿਬ ਸਿੰਘ ਬਡਬਰ ਅਤੇ ਗੁਰਦੇਵ ਸਿੰਘ ਮਾਂਗੇਵਾਲ, ਫਰੀਦਕੋਟ ਤੋਂ ਜੋਰਾ ਸਿੰਘ ਭਾਣਾ ਅਤੇ ਜਸਕਰਨ ਸਿੰਘ ਮੋਰਾਂਵਾਲੀ, ਮੁਕਤਸਰ ਸਾਹਿਬ ਤੋਂ ਗੁਰਦੀਪ ਸਿੰਘ ਖੁੱਡੀਆਂ, ਮਾਨਸਾ ਤੋਂ ਲਖਵੀਰ ਸਿੰਘ ਅਕਲੀਆ ਅਤੇ ਬਲਵਿੰਦਰ ਸ਼ਰਮਾ, ਬਲਕਾਰ ਸਿੰਘ ਚਹਿਲਾਂਵਾਲੀ, ਸੰਗਰੂਰ ਤੋਂ ਸੁਖਦੇਵ ਸਿੰਘ ਘਰਾਚੋਂ ਅਤੇ ਜਗਤਾਰ ਸਿੰਘ ਦੁੱਗਾਂ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles