ਇਸਲਾਮਾਬਾਦ : ਇਕ ਸੀਨੀਅਰ ਪਾਕਿਸਤਾਨੀ ਨੌਕਰਸ਼ਾਹ ਨੇ ਸ਼ਨੀਵਾਰ ਦੋਸ਼ ਲਾਇਆ ਕਿ ਹਾਲੀਆ ਚੋਣਾਂ ਵਿਚ ਰਿਗਿੰਗ ਕਰਨ ’ਚ ਮੁੱਖ ਚੋਣ ਕਮਿਸ਼ਨਰ ਤੇ ਚੀਫ ਜਸਟਿਸ ਸ਼ਾਮਲ ਸਨ। ਰਾਵਲਪਿੰਡੀ ਦੇ ਕਮਿਸ਼ਨਰ ਲਿਆਕਤ ਅਲੀ ਚੱਠਾ ਨੇ ਸਾਰੀ ਗੜਬੜ ਦੀ ਜ਼ਿੰਮੇਵਾਰੀ ਖੁਦ ’ਤੇ ਲੈਂਦਿਆਂ ਅਸਤੀਫਾ ਦੇ ਦਿੱਤਾ ਹੈ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਚੋਣਾਂ ਵਿਚ ਧਾਂਦਲੀਆਂ ਖਿਲਾਫ ਦੇਸ਼ਵਿਆਪੀ ਮੁਜ਼ਾਹਰੇ ਕਰ ਰਹੀ ਹੈ। ਰਾਵਲਪਿੰਡੀ ਦੇ �ਿਕਟ ਸਟੇਡੀਅਮ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੱਠਾ ਨੇ ਕਿਹਾ ਕਿ ਜਿਹੜੇ ਉਮੀਦਵਾਰ 70-80 ਹਜ਼ਾਰ ਵੋਟਾਂ ਨਾਲ ਹਾਰ ਰਹੇ ਸਨ ਉਨ੍ਹਾਂ ਨੂੰ ਜਿਤਾਇਆ ਗਿਆ। ਉਨ੍ਹਾ ਕਿਹਾਮੈਂ ਸਾਰੀ ਗੜਬੜ ਦੀ ਜ਼ਿੰਮੇਵਾਰੀ ਲੈਂਦਾ ਹਾਂ ਤੇ ਤੁਹਾਨੂੰ ਦੱਸ ਰਿਹਾ ਹਾਂ ਕਿ ਮੁਖ ਚੋਣ ਕਮਿਸ਼ਨਰ ਤੇ ਚੀਫ ਜਸਟਿਸ ਧਾਂਦਲੀਆਂ ਕਰਨ ਵਿਚ ਪੂਰੀ ਤਰ੍ਹਾਂ ਮੁਲੱਬਸ ਸਨ। ਆਪਣੇ ਅਸਤੀਫੇ ਬਾਰੇ ਚੱਠਾ ਨੇ ਕਿਹਾਦੇਸ਼ ਦੀ ਪਿੱਠ ਵਿਚ ਛੁਰਾ ਮਾਰਨ ਕਰਕੇ ਮੈਨੂੰ ਨੀਂਦ ਨਹੀਂ ਆ ਰਹੀ ਸੀ। ਮੈਨੂੰ ਬੇਇਨਸਾਫੀ ਲਈ ਸਜ਼ਾ ਮਿਲਣੀ ਚਾਹੀਦੀ ਹੈ। ਮੇਰੇ ਨਾਲ ਜਿਨ੍ਹਾਂ ਹੋਰਨਾਂ ਨੇ ਧਾਂਦਲੀਆਂ ਕੀਤੀਆਂ ਸਭ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਮੇਰੇ ’ਤੇ ਏਨਾ ਦਬਾਅ ਸੀ ਕਿ ਖੁਦਕੁਸ਼ੀ ਕਰਨ ਬਾਰੇ ਸੋਚ ਰਿਹਾ ਸੀ ਪਰ ਅੰਤ ਨੂੰ ਲੋਕਾਂ ਨੂੰ ਸੱਚਾਈ ਦੱਸਣ ਦਾ ਫੈਸਲਾ ਕੀਤਾ। ਮੇਰੀ ਸਾਰੇ ਦੇਸ਼ ਦੇ ਨੌਕਰਸ਼ਾਹਾਂ ਨੂੰ ਬੇਨਤੀ ਹੈ ਕਿ ਉਹ ਸਿਆਸਤਦਾਨਾਂ ਦੇ ਹੱਥਠੋਕੇ ਨਾ ਬਣਨ।
ਇਸੇ ਦੌਰਾਨ ਜੇਲ੍ਹ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ ਟੀ ਆਈ) ਨੇ ਅਗਲੀ ਸਰਕਾਰ ਬਣਾਉਣ ’ਚ ਨਾਕਾਮ ਹੋਣ ਮਗਰੋਂ ਸੰਸਦ ’ਚ ਵਿਰੋਧੀ ਧਿਰ ’ਚ ਬੈਠਣ ਦਾ ਫੈਸਲਾ ਕੀਤਾ ਹੈ। ਪਾਕਿਸਤਾਨ ਚੋਣਾਂ ’ਚ ਕਿਸੇ ਵੀ ਪਾਰਟੀ ਨੂੰ ਪੂਰਨ ਬਹੁਮਤ ਨਾ ਮਿਲਣ ਤੋਂ ਬਾਅਦ ਵੱਡੀਆਂ ਸਿਆਸੀ ਪਾਰਟੀਆਂ ਸਰਕਾਰ ਬਣਾਉਣ ਲਈ ਸਰਗਰਮ ਹਨ। ਪੀ ਟੀ ਆਈ ਨੇਤਾ ਬੈਰਿਸਟਰ ਮੁਹੰਮਦ ਅਲੀ ਸੈਫ ਨੇ ਐਲਾਨ ਕੀਤਾ ਕਿ ਇਮਰਾਨ ਖਾਨ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਪਾਰਟੀ ਨੇ ਕੇਂਦਰ ਦੇ ਨਾਲ-ਨਾਲ ਪੰਜਾਬ ਵਰਗੇ ਪ੍ਰਮੁੱਖ ਸੂਬਿਆਂ ’ਚ ਵਿਰੋਧੀ ਧਿਰ ’ਚ ਬੈਠਣ ਦਾ ਫੈਸਲਾ ਕੀਤਾ ਹੈ।





