ਵਾਰਾਨਸੀ : ਰਾਹੁਲ ਗਾਂਧੀ ਨੇ ਆਪਣੀ ‘ਭਾਰਤ ਜੋੜੋ ਨਿਆਏ ਯਾਤਰਾ’ ਦੌਰਾਨ ਸ਼ਨੀਵਾਰ ਕਿਹਾ ਕਿ ਦੇਸ਼ ਨੂੰ ਜੋੜਨਾ ਹੀ ਸੱਚੀ ਦੇਸ਼ ਭਗਤੀ ਹੈ। ਯੂ ਪੀ ਵਿਚ ਯਾਤਰਾ ਦੇ ਤੀਜੇ ਦਿਨ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਮੁਹੱਬਤ ਦਾ ਦੇਸ਼ ਹੈ, ਨਫਰਤ ਦਾ ਨਹੀਂ। ਭਰਾਵਾਂ ਵਿਚਾਲੇ ਟਕਰਾਅ ਨਾਲ ਦੇਸ਼ ਕਮਜ਼ੋਰ ਹੋਵੇਗਾ ਤੇ ਸੱਚੀ ਦੇਸ਼ ਭਗਤੀ ਦੇਸ਼ ਨੂੰ ਇਕੱਠੇ ਰੱਖਣਾ ਹੈ।
ਉਨ੍ਹਾ ਕਿਹਾਮੈਂ ਗੰਗਾ ਜੀ ਅੱਗੇ ਸਿਰ ਝੁਕਾਉਣ ਆਇਆ ਹਾਂ। ਹਰ ਕੋਈ ਇਹ ਮਹਿਸੂਸ ਕਰੇ ਕਿ ਉਹ ਯਾਤਰਾ ਦੌਰਾਨ ਆਪਣੇ ਭਰਾ ਨੂੰ ਮਿਲਣ ਆਇਆ ਹੈ।
ਰਾਹੁਲ ਨੇ ਕਿਹਾ ਕਿ ਦੇਸ਼ ਵਿਚ ਦੋ ਭਾਰਤ ਹਨ, ਇਕ ਅਮੀਰਾਂ ਦਾ ਤੇ ਦੂਜਾ ਗਰੀਬਾਂ ਦਾ। ਉਨ੍ਹਾ ਮੀਡੀਆ ’ਤੇ ਵਰ੍ਹਦਿਆਂ ਕਿਹਾ ਕਿ ਉਹ ਕਿਸਾਨਾਂ ਤੇ ਮਜ਼ਦੂਰਾਂ ਦੇ ਮੁੱਦੇ ਨਹੀਂ ਦਿਖਾ ਰਿਹਾ। ਇਹ ਮੀਡੀਆ ਮੋਦੀ ਜੀ ਨੂੰ 24 ਘੰਟੇ ਦਿਖਾਉਦਾ ਹੈ, ਐਸ਼ਵਰਿਆ ਰਾਇ ਨੂੰ ਦਿਖਾਉਦਾ ਹੈ, ਪਰ ਅਸਲ ਮੁੱਦੇ ਨਹੀਂ ਦਿਖਾਉਦਾ। ਰਾਹੁਲ ਨੇ ਭੀੜ ਵਿੱਚੋਂ ਰਾਹੁਲ ਨਾਂਅ ਦੇ ਮੁੰਡੇ ਨੂੰ ਸੱਦਿਆ ਤੇ ਉਸ ਤੋਂ ਪੜ੍ਹਾਈ ’ਤੇ ਕੀਤੇ ਖਰਚ ਤੇ ਬੇਰੁਜ਼ਗਾਰੀ ਬਾਰੇ ਪੁੱਛਿਆ। ਰਾਹੁਲ ਨੇ ਕਿਹਾ ਕਿ ਬੇਰੁਜ਼ਗਾਰੀ ਤੇ ਮਹਿੰਗਾਈ ਹੀ ਦੇਸ਼ ਦੇ ਦੋ ਮੁੱਦੇ ਹਨ।
ਰਾਹੁਲ ਨੇ ਸੂਬਾ ਪਾਰਟੀ ਪ੍ਰਧਾਨ ਅਜੈ ਰਾਇ ਤੇ ਹੋਰਨਾਂ ਕਾਂਗਰਸੀ ਆਗੂਆਂ ਨਾਲ ਜੀਪ ਵਿਚ 12 ਕਿਲੋਮੀਟਰ ਦਾ ਰੋਡ ਸ਼ੋਅ ਕੀਤਾ। ਉਨ੍ਹਾ ਕਾਸ਼ੀ ਵਿਸ਼ਵਨਾਥ ਮੰਦਰ ਵਿਚ ਵੀ ਮੱਥਾ ਟੇਕਿਆ। ਉਨ੍ਹਾ ਦੀ ਯਾਤਰਾ ਵਿਚ ਅਪਨਾ ਦਲ (ਕਮੇਰਾਵਾਦੀ) ਦੀ ਆਗੂ ਪਲਵੀ ਪਟੇਲ ਤੇ ਸਮਾਜਵਾਦੀ ਪਾਰਟੀ ਦੇ ਸਿਰਾਥੂ ਤੋਂ ਵਿਧਾਇਕ ਵੀ ਸ਼ਾਮਲ ਹੋਏ। ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਕਿਹਾ ਕਿ ਉਹ ਯਾਤਰਾ ਵਿਚ ਬਰੇਲੀ ਵਿਖੇ ਸ਼ਾਮਲ ਹੋਣਗੇ।
ਰਾਹੁਲ ਦੀ ਯਾਤਰਾ ਜਿੱਧਰੋਂ ਲੰਘੀ ਭਾਜਪਾ ਵਰਕਰਾਂ ਨੇ ਉਸ ਨੂੰ ਗੰਗਾ ਜਲ ਨਾਲ ਧੋਇਆ।





