ਨਵੀਂ ਦਿੱਲੀ : ਭਾਰਤ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਨੇ ਤਕਨੀਕੀ ਨੁਕਸ ਕਾਰਨ ਆਪਣਾ ਜਹਾਜ਼ ਪਾਕਿਸਤਾਨ ਦੇ ਕਰਾਚੀ ‘ਚ ਉਤਾਰਿਆ | ਹਫਤੇ ‘ਚ ਭਾਰਤੀ ਕੰਪਨੀ ਦੇ ਜਹਾਜ਼ ਦੀ ਪਾਕਿਸਤਾਨ ‘ਚ ਇਹ ਦੂਜੀ ਐਮਰਜੈਂਸੀ ਲੈਂਡਿੰਗ ਸੀ | ਇੰਡੀਗੋ ਦੇ ਜਹਾਜ਼ ਨੇ ਸੰਯੁਕਤ ਅਰਬ ਅਮੀਰਾਤ ਦੇ ਸ਼ਾਰਜਾਹ ਤੋਂ ਹੈਦਰਾਬਾਦ ਲਈ ਉਡਾਨ ਭਰੀ ਸੀ | ਪਾਇਲਟ ਨੇ ਤਕਨੀਕੀ ਖਰਾਬੀ ਦੇਖਣ ਤੋਂ ਬਾਅਦ ਇਹਤਿਆਤ ਵਜੋਂ ਜਹਾਜ਼ ਨੂੰ ਕਰਾਚੀ ਵੱਲ ਮੋੜ ਦਿੱਤਾ | ਇੰਡੀਗੋ ਯਾਤਰੀਆਂ ਨੂੰ ਹੈਦਰਾਬਾਦ ਲਿਆਉਣ ਲਈ ਕਰਾਚੀ ਲਈ ਦੂਜਾ ਜਹਾਜ਼ ਭੇਜਿਆ ਗਿਆ | ਇੰਟਰਗਲੋਬ ਏਵੀਏਸ਼ਨ ਲਿਮਟਿਡ, ਜੋ ਇੰਡੀਗੋ ਦਾ ਸੰਚਾਲਨ ਕਰਦੀ ਹੈ, ਨੇ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ | ਸਪਾਈਸ ਜੈੱਟ ਦੇ 5 ਜੁਲਾਈ ਨੂੰ ਨਵੀਂ ਦਿੱਲੀ ਤੋਂ ਦੁਬਈ ਜਾ ਰਹੇ ਬੋਇੰਗ 737 ਜਹਾਜ਼ ਨੇ ਵੀ ਖਰਾਬ ਹੋਣ ਕਾਰਨ ਕਰਾਚੀ ਵਿਚ ਐਮਰਜੈਂਸੀ ਲੈਂਡਿੰਗ ਕੀਤੀ ਸੀ |
ਇਸੇ ਦੌਰਾਨ ਏਅਰ ਇੰਡੀਆ ਐੱਕਸਪ੍ਰੱੈਸ ਦੀ ਕਾਲੀਕਟ-ਦੁਬਈ ਉਡਾਨ ਨੂੰ ਸ਼ਨੀਵਾਰ ਰਾਤ ਨੂੰ ਉਦੋਂ ਮਸਕਟ ਲਿਜਾਣਾ ਪੈ ਗਿਆ, ਜਦੋਂ ਕੈਬਿਨ ਵਿਚ ਕੁਝ ਜਲਣ ਦੀ ਬਦਬੂ ਆਈ | ਹਵਾਬਾਜ਼ੀ ਰੈਗੂਲੇਟਰ ਡੀ ਜੀ ਸੀ ਏ ਨੇ ਐਤਵਾਰ ਇਹ ਜਾਣਕਾਰੀ ਦਿੱਤੀ | ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਦੇ ਅਗਲੇ ਹਿੱਸੇ ਵਿਚ ਵੈਂਟ ਤੋਂ ਸੜਨ ਦੀ ਬਦਬੂ ਆ ਰਹੀ ਸੀ, ਇਸ ਲਈ ਪਾਇਲਟ ਨੇ ਉਡਾਨ ਨੂੰ ਮਸਕਟ ਵੱਲ ਮੋੜ ਦਿੱਤਾ ਤੇ ਉਥੇ ਜਹਾਜ਼ ਨੂੰ ਸੁਰੱਖਿਅਤ ਲੈਂਡ ਕਰਵਾਇਆ |