ਬਰਮਿੰਘਮ (ਨ ਜ਼ ਸ)-ਅਗਾਂਹ-ਵਧੂ ਹਲਕਿਆਂ ਵਾਸਤੇ ਇਹ ਖਬਰ ਵੱਡੇ ਦੁੱਖ ਵਾਲੀ ਹੈ ਕਿ ਪ੍ਰਸਿੱਧ ਸਮਾਜ ਸੇਵੀ ਨਿਰਮਲ ਸਿੰਘ ਸੰਘਾ ਵਿਛੋੜਾ ਦੇ ਗਏ ਹਨ | ਏਥੇ ਬਰਮਿੰਘਮ ਵਿੱਚ ਵੀਰਵਾਰ 22 ਫਰਵਰੀ ਦੇ ਦਿਨ ਸਵੇਰੇ ਦਿਲ ਦੇ ਦੌਰੇ ਨਾਲ ਉਨ੍ਹਾਂ ਦਾ ਦੇਹਾਂਤ ਹੋ ਗਿਆ | ਜੂਨ 1950 ਵਿੱਚ ਜਨਮੇ ਨਿਰਮਲ ਸਿੰਘ ਚਾਰ ਭਰਾਵਾਂ ਵਿੱਚੋਂ ਸਭ ਤੋਂ ਛੋਟੇ ਸਨ | ਉਨ੍ਹਾਂ ਦੇ ਪਰਵਾਰ ਵਿੱਚ ਉਨ੍ਹਾਂ ਦੀ ਪਤਨੀ ਜਸਵਿੰਦਰ ਕੌਰ ਤੋਂ ਇਲਾਵਾ ਇੱਕ ਧੀ ਨਰਿੰਦਰ ਕੌਰ ਅਤੇ ਇੱਕ ਪੁੱਤਰ ਸਤਿੰਦਰ ਸਿੰਘ ਸੰਘਾ ਵੀ ਹਨ, ਜਿਹੜੇ ਸਾਰੇ ਹੀ ਬਰਮਿੰਘਮ ਵਿੱਚ ਰਹਿੰਦੇ ਹਨ |
ਨਿਰਮਲ ਸਿੰਘ ਸੰਘਾ ਪੰਜਾਬ ਦੇ ਨਕੋਦਰ ਨੇੜਲੇ ਪਿੰਡ ਸੰਘੇ ਖਾਲਸਾ ਦੇ ਜੰਮ-ਪਲ ਸਨ ਅਤੇ ਮਸਾਂ ਬਾਰਾਂ ਸਾਲਾਂ ਦੀ ਉਮਰ ਵਿੱਚ ਆਪਣੇ ਪਿਤਾ ਜੀ ਸਵਰਗੀ ਸ: ਕਰਤਾਰ ਸਿੰਘ ਸੰਘਾ ਦੇ ਨਾਲ ਇੰਗਲੈਂਡ ਚਲੇ ਗਏ ਸਨ | ਉੱਥੇ ਜਾ ਕੇ ਉਨ੍ਹਾਂ ਨੇ ਆਪਣੇ ਬਚਪਨ ਦੇ ਸਾਥੀ ਅਜਮੇਰ ਸਿੰਘ ਕੰਗ ਨਾਲ ਮਿਲ ਕੇ ਕਈ ਸਾਲਾਂ ਤੱਕ ਇੱਕ ਕੰਸਟਰੱਕਸ਼ਨ ਕੰਪਨੀ ਚਲਾਈ ਤੇ ਪਿਛਲੇ ਕੁਝ ਸਾਲਾਂ ਤੋਂ ਵਧਦੀ ਉਮਰ ਨਾਲ ਕੰਪਨੀ ਦਾ ਕੰਮ ਛੱਡ ਕੇ ਸਿਰਫ ਸਮਾਜ ਸੇਵਾ ਨੂੰ ਸਮਰਪਿਤ ਹੋ ਗਏ ਸਨ | ਉਹ ਹਰ ਸਾਲ ਪੰਜਾਬ ਆਉਂਦੇ ਸਨ ਅਤੇ ਉਨ੍ਹਾਂ ਨੇ ਆਪਣੇ ਪਿੰਡ ਵਿੱਚ ਸੀਵਰੇਜ ਪਾਉਣ ਤੋਂ ਬਿਨਾਂ ਆਧੁਨਿਕ ਮਸ਼ੀਨਰੀ ਵਾਲਾ ਇੱਕ ਸੀਵਰੇਜ ਟਰੀਟਮੈਂਟ ਪਲਾਂਟ ਲਾਉਣ ਲਈ ਵੀ ਪਿੰਡ ਦੀ ਓਵਰਸੀਜ਼ ਕਮੇਟੀ ਦੀ ਅਗਵਾਈ ਕੀਤੀ ਸੀ ਅਤੇ ਵਿਕਾਸ ਦੇ ਬਹੁਤ ਸਾਰੇ ਹੋਰ ਕੰਮ ਵੀ ਕਰਦੇ ਰਹੇ ਸਨ ਤੇ ਇਲਾਕੇ ਦੀਆਂ ਪੰਚਾਇਤਾਂ ਦਾ ਸੈਮੀਨਾਰ ਕਰਕੇ ਉਨ੍ਹਾਂ ਨੂੰ ਵਿਕਾਸ ਦੇ ਕੰਮਾਂ ਵਿੱਚ ਅਗਵਾਈ ਅਤੇ ਮਦਦ ਵੀ ਕਰਿਆ ਕਰਦੇ ਸਨ | ਉਹ ਹਰ ਸਾਲ ਦੇਸ਼ਭਗਤ ਯਾਦਗਾਰ ਹਾਲ ਵਿੱਚ ‘ਮੇਲਾ ਗਦਰੀ ਬਾਬਿਆਂ ਦਾ’’ ਮੌਕੇ ਪਹੁੰਚਦੇ ਅਤੇ ਇਸ ਮੇਲੇ ਨੂੰ ਆਪਣੀ ਕਮੇਟੀ ਵੱਲੋਂ ਲਗਾਤਾਰ ਮਾਇਕ ਮਦਦ ਵੀ ਕਰਿਆ ਕਰਦੇ ਸਨ | ਰੋਜ਼ਾਨਾ ‘ਨਵਾਂ ਜ਼ਮਾਨਾ’’ ਲਈ ਜਦੋਂ ਵੀ ਕਦੇ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਪਤਾ ਲੱਗਾ ਤਾਂ ਹਰ ਵਾਰੀ ਉਹ ਇਸ ਦੀ ਸਭ ਤੋਂ ਪਹਿਲਾਂ ਮਦਦ ਕਰਨ ਵਾਲਿਆਂ ਵਿੱਚ ਸ਼ਾਮਲ ਹੋਇਆ ਕਰਦੇ ਸਨ | ਉਹ ਖੁਦ ਲੇਖਕ ਸਨ ਅਤੇ ਕਈ ਸਾਹਿਤਕ ਸੰਸਥਾਵਾਂ ਆਦਿ ਦੇ ਨਾਲ ਵੀ ਪੰਜਾਬ ਅਤੇ ਇੰਗਲੈਂਡ ਵਿੱਚ ਦੋਵੇਂ ਥਾਂਈਾ ਲਗਾਤਾਰ ਜੁੜੇ ਰਿਹਾ ਕਰਦੇ ਸਨ | ਨਿਰਮਲ ਸਿੰਘ ਸੰਘਾ ਦੇ ਦੇਹਾਂਤ ਉੱਤੇ ਪੱਤਰਕਾਰ ਜਤਿੰਦਰ ਪਨੂੰ, ‘ਨਵਾਂ ਜ਼ਮਾਨਾ’’ ਦੇ ਸੰਪਾਦਕ ਚੰਦ ਫਤਹਿਪੁਰੀ, ਹਲਕਾ ਨਕੋਦਰ ਦੀ ਵਿਧਾਇਕਾ ਇੰਦਰਜੀਤ ਕੌਰ ਮਾਨ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਗੁਰਮੀਤ, ਚਰੰਜੀ ਲਾਲ ਕੰਗਣੀਵਾਲ, ਇੰਜੀਨੀਅਰ ਸੀਤਲ ਸਿੰਘ ਸੰਘਾ, ਪ੍ਰਸਿੱਧ ਪੰਜਾਬੀ ਲੇਖਕ ਬਲਬੀਰ ਪਰਵਾਨਾ, ਪ੍ਰੋ: ਰਾਮ ਮੂਰਤੀ ਨੇ ਗਹਿਰਾ ਅਫਸੋਸ ਪ੍ਰਗਟ ਕੀਤਾ ਹੈ | ਇੰਗਲੈਂਡ ਤੋਂ ਸਾਊਥਾਲ ਦੇ ਪਾਰਲੀਮੈਂਟ ਮੈਂਬਰ ਵਰਿੰਦਰ ਸ਼ਰਮਾ, ਸਾਬਕਾ ਮੇਅਰ ਰਣਜੀਤ ਧੀਰ, ਬੀਬੀ ਹਰਭਜਨ ਕੌਰ ਧੀਰ, ਕੌਂਸਲਰ ਕੇ ਸੀ ਮੋਹਨ, ਸੁਖਦੇਵ ਸਿੰਘ ਔਜਲਾ, ਪ੍ਰਸਿੱਧ ਲੇਖਕ ਹਰੀਸ਼ ਮਲਹੋਤਰਾ, ਪਿਆਰਾ ਸਿੰਘ ਸੰਘਾ, ਬੀਬੀ ਜਸਬੀਰ ਕੌਰ ਦੂਹੜਾ ਨੇ ਨਿਰਮਲ ਸਿੰਘ ਸੰਘਾ ਦੇ ਦੇਹਾਂਤ ਉੱਤੇ ਅਫਸੋਸ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀਆਂ ਸਮਾਜ ਪ੍ਰਤੀ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ |





