ਬੇਂਗਲੁਰੂ : ਕਾਂਗਰਸ ਵਿਧਾਇਕ ਬੀ ਕੇ ਹਰੀਪ੍ਰਸਾਦ ਨੇ ਆਪਣੇ ਇਸ ਬਿਆਨ ਨੂੰ ਵੀਰਵਾਰ ਦਰੁੱਸਤ ਠਹਿਰਾਇਆ ਕਿ ਪਾਕਿਸਤਾਨ ਭਾਜਪਾ ਲਈ ਦੁਸ਼ਮਣ ਦੇਸ਼ ਹੈ, ਉਨ੍ਹਾ ਲਈ ਨਹੀਂ। ਭਾਜਪਾ ਗੰਦੀ ਖੇਡ ਖੇਡ ਰਹੀ ਹੈ। ਜੇ ਪਾਕਿਸਤਾਨ ਦੁਸ਼ਮਣ ਦੇਸ਼ ਹੈ ਤਾਂ ਕੇਂਦਰ ਸਰਕਾਰ ਇਸ ਦਾ ਐਲਾਨ ਕਰੇ। ਹਰੀਪ੍ਰਸਾਦ ਨੇ ਇਹ ਵੀ ਕਿਹਾ ਕਿ ਉਹ ਉਨ੍ਹਾ ਦੇ ਬਿਆਨਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਵਾਲੇ ਟੀ ਵੀ ਚੈਨਲਾਂ ਖਿਲਾਫ ਮਰਿਆਦਾ ਦਾ ਮਤਾ ਪੇਸ਼ ਕਰਨਗੇ।
ਹਰੀਪ੍ਰਸਾਦ ਨੇ ਕਿਹਾ-ਮੈਂ ਕਹਿੰਦਾ ਹਾਂ ਕਿ ਪਾਕਿਸਤਾਨ ਸਾਡਾ ਗਵਾਂਢੀ ਦੇਸ਼ ਹੈ। ਭਾਜਪਾ ਕੇਂਦਰ ਸਰਕਾਰ ਤੋਂ ਐਲਾਨ ਕਰਵਾ ਦੇਵੇ ਕਿ ਪਾਕਿਸਤਾਨ ਦੁਸ਼ਮਣ ਦੇਸ਼ ਹੈ। ਭਾਜਪਾ ਗੰਦੀ ਖੇਡ ਖੇਡਣ ਵਿਚ ਲੱਗੀ ਹੋਈ ਹੈ। ਮੈਂ ਜੋ ਵਿਧਾਨ ਪ੍ਰੀਸ਼ਦ ਵਿਚ ਕਿਹਾ, ਉਸ ਨੂੰ ਛਾਪਣ ’ਤੇ ਸਾਨੂੰ ਕੋਈ ਇਤਰਾਜ਼ ਨਹੀਂ। ਜੇ ਮਸਾਲਾ ਲਾ ਕੇ ਛਾਪਿਆ ਜਾਵੇਗਾ ਤਾਂ ਮੈਂ ਮੇਰੇ ਬਿਆਨਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਵਾਲੇ ਚੈਨਲਾਂ ਖਿਲਾਫ ਮਰਿਆਦਾ ਮਤਾ ਪੇਸ਼ ਕਰਨ ਬਾਰੇ ਸੋਚਾਂਗਾ। ਮੈਂ ਪ੍ਰੀਸ਼ਦ ਵਿਚ ਜੋ ਕਿਹਾ ਉਸ ’ਤੇ ਕਾਇਮ ਹਾਂ।
ਰਾਜ ਸਭਾ ਦੀ ਚੋਣ ਜਿੱਤਣ ਵਾਲੇ ਸਈਅਦ ਨਸੀਰ ਹੁਸੈਨ ਦੇ ਹਾਮੀਆਂ ਵੱਲੋਂ ਵਿਧਾਨ ਸਭਾ ਦੇ ਬਾਹਰ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਉਣ ਕਾਰਨ ਪੈਦਾ ਵਿਵਾਦ ਤੋਂ ਬਾਅਦ ਹਰੀਪ੍ਰਸਾਦ ਨੇ ਬੁੱਧਵਾਰ ਸਦਨ ਵਿਚ ਕਿਹਾ ਸੀ ਕਿ ਪਾਕਿਸਤਾਨ ਭਾਜਪਾ ਲਈ ਦੁਸ਼ਮਣ ਦੇਸ਼ ਹੋ ਸਕਦਾ ਹੈ, ਪਰ ਕਾਂਗਰਸ ਉਸ ਨੂੰ ਗਵਾਂਢੀ ਦੇਸ਼ ਮੰਨਦੀ ਹੈ। ਜੇ ਭਾਜਪਾ ਪਾਕਿਸਤਾਨ ਨੂੰ ਦੁਸ਼ਮਣ ਮੰਨਦੀ ਹੈ ਤਾਂ ਕੇਂਦਰ ਸਰਕਾਰ ਸਾਰੇ ਵਪਾਰ ਬੰਦ ਕਰੇ ਤੇ ਪਾਕਿਸਤਾਨ ਨੂੰ ਦੁਸ਼ਮਣ ਦੇਸ਼ ਐਲਾਨੇ। ਜਦੋਂ ਤੱਕ ਪਾਕਿਸਤਾਨ ਨੂੰ ਦੁਸ਼ਮਣ ਦੇਸ਼ ਨਹੀਂ ਐਲਾਨਿਆ ਜਾਂਦਾ, ਅਸੀਂ ਉਸ ਨੂੰ ਦੁਸ਼ਮਣ ਨਹੀਂ ਕਹਿ ਸਕਦੇ। ਹਰੀਪ੍ਰਸਾਦ ਨੇ ਇਹ ਵੀ ਕਿਹਾ, ਹਾਲ ਹੀ ਵਿਚ ਐੱਲ ਕੇ ਅਡਵਾਨੀ ਨੂੰ ਭਾਰਤ ਰਤਨ ਦਿੱਤਾ ਗਿਆ, ਜਿਨ੍ਹਾ ਲਾਹੌਰ ਵਿਚ ਜਿੱਨਾਹ ਦੇ ਮਕਬਰੇ ਦਾ ਦੌਰਾ ਕੀਤਾ ਸੀ। ਉਦੋਂ ਪਾਕਿਸਤਾਨ ਦੁਸ਼ਮਣ ਦੇਸ਼ ਨਹੀਂ ਸੀ? ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਪੋਤੀ ਦੇ ਵਿਆਹ ਵਿਚ ਬਿਨਾਂ ਬੁਲਾਏ, ਸਾਰੇ ਪ੍ਰੋਟੋਕੋਲ ਤੋੜ ਕੇ ਗਏ ਸਨ।