ਲੋਕ ਸਭਾ ਚੋਣਾਂ ਵਿੱਚ 400 ਦਾ ਟੀਚਾ ਪਾਰ ਕਰਨ ਲਈ ਹਾਕਮਾਂ ਨੇ ਸਾਰੀਆਂ ਚਾਲਾਂ-ਕੁਚਾਲਾਂ ਚੱਲਣੀਆਂ ਸ਼ੁਰੂ ਕਰ ਦਿੱਤੀਆਂ ਹਨ। ਵਿਰੋਧੀ ਪਾਰਟੀਆਂ ਅੰਦਰ ਸੰਨ੍ਹ ਲਾਉਣ ਲਈ ਇਹ ਵੀ ਨਹੀਂ ਦੇਖਿਆ ਜਾ ਰਿਹਾ ਕਿ ਜਿਸ ਨੂੰ ਬੁੱਕਲ ’ਚ ਲੈ ਰਹੇ ਹਨ, ਉਹ ਚੋਰ-ਡਾਕੂ ਹੈ ਜਾਂ ਸਾਧ, ਬਸ ਇੱਕੋ ਨੀਤੀ ਹੈ ਕਿ ਦੇਸ਼ ਭਰ ਵਿੱਚ ਅਜਿਹੀ ਹਵਾ ਬੰਨ੍ਹੀ ਜਾਵੇ, ਜਿਸ ਤੋਂ ਲੱਗੇ ਕਿ ਸਿਆਸਤ ਦੇ ਮੈਦਾਨ ਵਿੱਚ ਭਾਜਪਾ ਤੋਂ ਬਿਨਾਂ ਹੋਰ ਕੋਈ ਧਿਰ ਬਚੀ ਹੀ ਨਹੀਂ। ਇਸ ਕਾਰਜ ਨੂੰ ਪੂਰਾ ਕਰਨ ਲਈ ਈ ਡੀ ਤੇ ਸੀ ਬੀ ਆਈ ਪੱਬਾਂ ਭਾਰ ਹੋਈਆਂ ਲਗਾਤਾਰ ਓਵਰ ਟਾਈਮ ਕਰ ਰਹੀਆਂ ਹਨ।
ਹਵਾ ਬੰਨ੍ਹਣ ਵਿੱਚ ਭਾਜਪਾ ਦੀ ਮੁੱਖ ਟੇਕ ਗੋਦੀ ਮੀਡੀਆ ’ਤੇ ਹੈ। ਉਹ ਇਸ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਅ ਰਿਹਾ ਹੈ। ਮੋਦੀ ਦਾ ਮਾਸਟਰ ਸਟ੍ਰੋਕ, ‘ਇੰਡੀਆ’ ਬਿਖਰਨਾ ਸ਼ੁਰੂ, ‘ਹਿਮਾਚਲ ’ਚ ਕਾਂਗਰਸ ਗਈ, ਸਮਾਜਵਾਦੀ ਪਾਰਟੀ ਟੁੱਟਣ ਕੰਢੇ, ਜਿਹੇ ਹੈਡਿੰਗਾਂ ਰਾਹੀਂ ਵਿਰੋਧੀ ਧਿਰਾਂ ਨੂੰ ਭੰਡਣ-ਛੰਡਣ ਦਾ ਸਿਲਸਲਾ ਤਾਂ ਪਿਛਲੇ ਦਸਾਂ ਸਾਲਾਂ ਤੋਂ ਹੀ ਚੱਲ ਰਿਹਾ ਹੈ, ਹੁਣ ਇਸ ਦਲਾਲ ਮੀਡੀਏ ਨੇ ਸਮਾਜ ਅੰਦਰ ਵਾਪਰਦੇ ਨਾਂਹਪੱਖੀ ਵਰਤਾਰਿਆਂ ਵੱਲੋਂ ਵੀ ਅੱਖਾਂ ਮੀਟਣੀਆਂ ਸ਼ੁਰੂ ਕਰ ਦਿੱਤੀਆਂ ਹਨ। ਉਸ ਦਾ ਇੱਕੋ-ਇੱਕ ਮਕਸਦ ਹੈ ਕਿ ਲੋਕਾਂ ਨੂੰ ਸਭ ਕੁਝ ਹਰਾ-ਹਰਾ ਹੀ ਦਿਸੇ।
ਪਿਛਲੇ ਮਹੀਨੇ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਰਾਮ ਲੱਲਾ’ ਦੀ ਮੂਰਤੀ ਅੰਦਰ ਪ੍ਰਾਣ ਪਾਏ ਸਨ, ਉਸੇ ਦਿਨ ਤੋਂ ਹੀ ਮੀਡੀਆ ਨੇ ਸੋਚ ਲਿਆ ਸੀ ਕਿ ਹੁਣ ਰਾਮ ਰਾਜ ਆ ਚੁੱਕਾ ਹੈ। ਰਾਮ ਰਾਜ ਵਿੱਚ ਤਾਂ ਕੋਈ ਗਲਤ ਕੰਮ ਹੋ ਹੀ ਨਹੀਂ ਸਕਦਾ, ਜੋ ਹੋ ਰਿਹਾ ਹੈ, ਉਹ ਰਾਮ ਦੀ �ਿਪਾ ਨਾਲ ਹੋ ਰਿਹਾ ਹੈ, ਇਸ ਲਈ ਉਸ ਨੂੰ ਗਲਤ ਕਹਿਣਾ ਵੀ ਪਾਪ ਹੈ। ਇਸੇ ਸੋਚ ਅਧੀਨ ਗੋਦੀ ਮੀਡੀਆ ਨੇ ਅਯੁੱਧਿਆ ਵਿੱਚ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦੌਰਾਨ ਜੋ ਵਾਪਰਿਆ, ਉਸ ਪਾਸਿਓਂ ਅੱਖਾਂ ਮੀਟ ਲਈਆਂ ਸਨ। ਉਸ ਦਿਨ ‘ਰਾਮ ਲੱਲਾ’ ਦੇ ਦਰਸ਼ਨ ਕਰਨ ਲਈ ਆਈ ਭੀੜ ਨੇ ਸਾਰੇ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਸੀ। ਇਸ ਮੌਕੇ ਹੋਈ ਧੱਕਾਮੁੱਕੀ ਵਿੱਚ ਦਰਜਨਾਂ ਵਿਅਕਤੀ ਜ਼ਖ਼ਮੀ ਹੋ ਗਏ ਸਨ। ਬਿਹਾਰ ਤੋਂ ਆਈ 45 ਸਾਲਾ ਚੁੰਨੀ ਦੇਵੀ ਦੀ ਮੈਡੀਕਲ ਕਾਲਜ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਸੀ। ਗੋਦੀ ਮੀਡੀਆ ਨੇ ਆਪਣਾ ਦਰਬਾਰੀ ਫਰਜ਼ ਨਿਭਾਉਦਿਆਂ ਇਸ ਦੀ ਭਿਣਕ ਨਹੀਂ ਲੱਗਣ ਦਿੱਤੀ। ਗੱਲ ਸਿਰਫ਼ ਉਸ ਦਿਨ ਦੀ ਨਹੀਂ, ਹੁਣ ਤੱਕ ਵੀ ‘ਰਾਮ ਰਾਜ’ ਦੇ ਮੱਥੇ ’ਤੇ ਕਲੰਕ ਲਾ ਦੇਣ ਵਾਲੀ ਕੋਈ ਵੀ ਖ਼ਬਰ ਗੋਦੀ ਮੀਡੀਆ ਦਾ ਦਰਵਾਜ਼ਾ ਲੰਘਣ ਦੀ ਹਿੰਮਤ ਨਹੀਂ ਕਰਦੀ।
ਇਸ ਦੇ ਉਲਟ ਮੀਡੀਆ ਦਾ ਜ਼ੋਰ ਇਸ ਗੱਲ ਉਤੇ ਲੱਗਾ ਹੋਇਆ ਹੈ ਕਿ ਅਯੁੱਧਿਆ ਦੀ ਅਜਿਹੀ ਸ਼ਾਨਦਾਰ ਤਸਵੀਰ ਪੇਸ਼ ਕੀਤੀ ਜਾਵੇ, ਜਿਸ ਨੂੰ ਦੇਖ ਕੇ ਲੱਖਾਂ ਲੋਕ ਆਉਣ ਤੇ ਮੋਦੀ ਦਾ ਗੁਣਗਾਨ ਕਰਨ। ਇਸ ਤਸਵੀਰ ਵਿੱਚ ਆਧੁਨਿਕ ਸਹੂਲਤਾਂ ਨਾਲ ਲੈਸ ਵਾਟਰ ਮੈਟਰੋ ਤੇ ਖੁੱਲ੍ਹੇ ਰਸਤੇ, ਜਿਨ੍ਹਾਂ ਨਾਲ ਆਵਾਜਾਈ ਦੀਆਂ ਵਧੀਆ ਸਹੂਲਤਾਂ ਦਾ ਅਜਿਹਾ ਨਕਸ਼ਾ ਖਿੱਚਿਆ ਜਾਂਦਾ ਹੈ, ਕਿ ਮੱਲੋ-ਮੱਲੀ ਦਿਲ ਕਰੇ ਬਈ ਚੱਲੋ ਅਯੁੱਧਿਆ, ਪਰ ਸਚਾਈ ਇਸ ਤੋਂ ਕੋਹਾਂ ਦੂਰ ਹੈ। ਕਰਨਾਟਕ ਤੇ ਤੇਲੰਗਾਨਾ ਦੇ ਕਈ ਜਥੇ 10 ਫ਼ਰਵਰੀ ਨੂੰ ਵਾਰਾਨਸੀ ਵਿਚਲੇ ਕਾਸ਼ੀ ਵਿਸ਼ਵਨਾਥ ਮੰਦਰ ਦੇ ਦਰਸ਼ਨ ਕਰਨ ਤੋਂ ਬਾਅਦ ‘ਆਸਥਾ ਸਪੈਸ਼ਲ ਟਰੇਨ’ ਰਾਹੀਂ ਅਯੁੱਧਿਆ ਪਹੁੰਚੇ ਸਨ। ਉਨ੍ਹਾਂ ਦਾ ਸਵਾਗਤ ਕਰਨ ਲਈ ਹਨੂੰਮਾਨ ਗੜ੍ਹੀ ਕੋਲ ਪਾਕਟਮਾਰ, ਚੋਰ-ਉਚੱਕੇ ਤੇ ਲੁਟੇਰੇ ਵੱਡੀ ਗਿਣਤੀ ਵਿੱਚ ਤਿਆਰ-ਬਰ-ਤਿਆਰ ਸਨ। ਇਨ੍ਹਾਂ ਸ਼ਰਧਾਲੂਆਂ ਵਿੱਚ ਸ਼ਾਮਲ ਔਰਤਾਂ ਤੇ ਮਰਦਾਂ ਦੇ ਗਲਾਂ ਵਿੱਚ ਪਏ ਸਾਰੇ ਗਹਿਣੇ ਲੁੱਟ ਲਏ ਗਏ। ਲੁਟੇਰਿਆਂ ਨੇ ਉਨ੍ਹਾਂ ਦੇ ਗਲਾਂ ਵਿੱਚ ਪਾਏ ਸੁਹਾਗ ਦੀ ਨਿਸ਼ਾਨੀ ਮੰਗਲ ਸੂਤਰ ਵੀ ਨਾ ਰਹਿਣ ਦਿੱਤੇ। ਕਈ ਲਾਕੇਟ ਤੇ ਚੇਨਾਂ 30 ਤੋਂ 80 ਗਰਾਮ ਦੀਆਂ ਸਨ। ਇਨ੍ਹਾਂ ਸ਼ਰਧਾਲੂਆਂ; ਆਨੰਦ, ਸੁਸ਼ਮਾ, ਮੰਜੁਲਾ, ਉਪੇਂਦਰ, ਅਹੱਲਿਆ, ਰੇਣੁਕਾ, ਕੱਕਰਾ, ਚਿੰਦੂਵੇਤਾ ਰਾਣੀ ਤੇ ਵਿੱਦਿਆ ਲਕਸ਼ਮੀ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਕੀ ਕਰਨ। ਜਥੇ ਨਾਲ ਹੈਦਰਾਬਾਦ ਹਾਈ ਕੋਰਟ ਦਾ ਇੱਕ ਵਕੀਲ ਵੀ ਸੀ। ਉਹ ਪੀੜਤਾਂ ਨੂੰ ਲੈ ਕੇ ਰਾਮਜਨਮਭੂਮੀ ਥਾਣੇ ਪੁੱਜਾ, ਪਰ ਉਨ੍ਹਾਂ ਦੀ ਕਿਸੇ ਨਾ ਸੁਣੀ। ਰਾਮ ਰਾਜ ਸਥਾਪਤ ਕਰ ਦੇਣ ਦਾ ਦਾਅਵਾ ਕਰਨ ਵਾਲੇ ਯੋਗੀ ਆਦਿੱਤਿਆਨਾਥ ਦੇ ਉਸ ਹੁਕਮ ਦੀ ਵੀ ਉਨ੍ਹਾਂ ਨੂੰ ਕੋਈ ਪ੍ਰਵਾਹ ਨਹੀਂ ਸੀ ਕਿ ਸ਼ਰਧਾਲੂਆਂ ਨਾਲ ਆਦਰ ਨਾਲ ਪੇਸ਼ ਆਇਆ ਜਾਵੇ, ਤਾਂ ਜੋ ਉਹ ਚੰਗੀਆਂ ਯਾਦਾਂ ਲੈ ਕੇ ਮੁੜਨ।
ਪੀੜਤਾਂ ਨੇ ਪੁਲਸ ਨੂੰ ਕੁਝ ਲੁਟੇਰਿਆਂ ਦੀ ਪਛਾਣ ਵੀ ਦੱਸੀ, ਪਰ ਅਧਿਕਾਰੀ ਟੱਸ ਤੋਂ ਮੱਸ ਨਾ ਹੋਏ। ਆਖਰ ਉਨ੍ਹਾਂ ਥਾਣੇ ਮੂਹਰੇ ਧਰਨਾ ਲਾ ਕੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਇਸ ਤੋਂ ਬਾਅਦ ਹੀ ਪੁਲਸ ਹਰਕਤ ਵਿੱਚ ਆਈ ਤੇ ਉਸ ਨੇ ਲੁਟੇਰਾ ਗਰੋਹ ਦੇ 16 ਮੈਂਬਰਾਂ ਨੂੰ ਗਿ੍ਰਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 355 ਗਰਾਮ ਸੋਨੇ ਦੀਆਂ 11 ਚੇਨਾਂ ਤੇ ਬਾਕੀ ਗਹਿਣੇ ਬਰਾਮਦ ਕੀਤੇ, ਜਿਨ੍ਹਾਂ ਦੀ ਕੀਮਤ 21 ਲੱਖ ਰੁਪਏ ਬਣਦੀ ਸੀ। ਮੀਡੀਆ ਨੇ ਪਹਿਲਾਂ ਤਾਂ ਪੀੜਤਾਂ ਨਾਲ ਹੋਈ ਲੁੱਟ ਦਾ ਨੋਟਿਸ ਹੀ ਨਾ ਲਿਆ, ਪਰ ਬਾਅਦ ਵਿੱਚ ਇਸ ਨੂੰ ਯੋਗੀ ਸਰਕਾਰ ਦੀ ਪ੍ਰਾਪਤੀ ਵਜੋਂ ਪੇਸ਼ ਕਰਨਾ ਸ਼ੁਰੂ ਕਰ ਦਿੱਤਾ। ਹਾਲਾਂਕਿ ਘਟਨਾ ਦੇ ਤੱਥ ਦੱਸਦੇ ਹਨ ਕਿ ਇਹ ਸਾਰੀ ਲੁੱਟ ਪੁਲਸ ਦੀ ਮਿਲੀਭੁਗਤ ਤੋਂ ਬਿਨਾਂ ਸੰਭਵ ਨਹੀਂ ਸੀ। ਮੀਡੀਆ ਤਾਂ ਇੱਥੋਂ ਤੱਕ ਗਰਕ ਗਿਆ ਹੈ ਕਿ ਉਸ ਨੇ ਗੁਜਰਾਤ ਤੋਂ ਆਏ ਸ਼ਰਧਾਲੂਆਂ ਦਾ ਵਹੀਕਲ ਹਾਦਸਾਗ੍ਰਸਤ ਹੋਣ ਦੀ ਖ਼ਬਰ ਵੀ ਨਾ ਦਿੱਤੀ, ਜਿਸ ਵਿੱਚ ਇੱਕ ਦਰਜਨ ਵਿਅਕਤੀ ਜ਼ਖ਼ਮੀ ਹੋ ਗਏ ਸਨ। ਇਨ੍ਹਾਂ ਘਟਨਾਵਾਂ ਤੋਂ ਸਮਝਣ ਲੈਣਾ ਚਾਹੀਦਾ ਹੈ ਕਿ ਹਾਦਸਿਆਂ ਤੱਕ ਦੀਆਂ ਨਾਂਹ-ਪੱਖੀ ਖ਼ਬਰਾਂ ਵੱਲੋਂ ਅੱਖਾਂ ਮੀਟ ਕੇ ਮੀਡੀਆ ਰਾਮ ਰਾਜ ਦੀ ਸਥਾਪਨਾ ਦੇ ਭਰਮ ਰਾਹੀਂ ਲੋਕਾਂ ਨੂੰ ਮੂਰਛਿਤ ਕਰਕੇ ਅਜਿਹਾ ਚੱਕਰਵਿਊ ਸਿਰਜ ਰਿਹਾ ਹੈ, ਜਿਸ ਰਾਹੀਂ ਹਾਕਮਾਂ ਦੀ 400 ਦੇ ਅੰਕੜੇ ਤੱਕ ਪੁੱਜਣ ਵਿੱਚ ਸਹਾਇਤਾ ਕੀਤੀ ਜਾ ਸਕੇ।
-ਚੰਦ ਫਤਿਹਪੁਰੀ