ਨਵੀਂ ਦਿੱਲੀ : ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਲੈਂਗੂਏਜ਼ ਇੰਸਟੀਚਿਊਟ ’ਚ ਵੀਰਵਾਰ ਰਾਤ ਚੋਣ ਕਮੇਟੀ ਮੈਂਬਰਾਂ ਦੀ ਚੋਣ ਕਾਰਨ ਦੋ ਧੜਿਆਂ ਵਿਚਾਲੇ ਝੜਪ ’ਚ ਕੁਝ ਵਿਦਿਆਰਥੀ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਸਫਦਰਜੰਗ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਘਟਨਾ ਦੀ ਕਥਿਤ ਵੀਡੀਓ ਸਾਹਮਣੇ ਆਈ ਹੈ, ਜਿਸ ’ਚ ਇੱਕ ਵਿਅਕਤੀ ਕੁਝ ਵਿਦਿਆਰਥੀਆਂ ਨੂੰ ਡੰਡੇ ਨਾਲ ਕੁੱਟਦਾ ਦਿਖਾਈ ਦੇ ਰਿਹਾ ਹੈ, ਜਦਕਿ ਇੱਕ ਹੋਰ ਕਲਿੱਪ ’ਚ ਇੱਕ ਵਿਅਕਤੀ ਵਿਦਿਆਰਥੀਆਂ ’ਤੇ ਸਾਈਕਲ ਸੁੱਟਦਾ ਦਿਖਾਈ ਦੇ ਰਿਹਾ ਹੈ। ਘਟਨਾ ਦੀ ਇਕ ਹੋਰ ਕਥਿਤ ਵੀਡੀਓ ਵਿਚ ਕੁਝ ਲੋਕ ਦੂਜਿਆਂ ’ਤੇ ਹਮਲਾ ਕਰਦੇ ਨਜ਼ਰ ਆ ਰਹੇ ਹਨ, ਜਦ ਕਿ ਯੂਨੀਵਰਸਿਟੀ ਦੇ ਸੁਰੱਖਿਆ ਕਰਮਚਾਰੀ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ ਬੀ ਵੀ ਪੀ) ਅਤੇ ਖੱਬੇ-ਪੱਖੀ ਸਮੂਹਾਂ ਦੇ ਵਿਦਿਆਰਥੀਆਂ ਨੇ ਇਕ-ਦੂਜੇ ਖਿਲਾਫ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।
ਯੂਨੀਵਰਸਿਟੀ ਪ੍ਰਸ਼ਾਸਨ ਨੇ ਇਸ ਘਟਨਾ ’ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ ਅਤੇ ਨਾ ਹੀ ਜ਼ਖਮੀ ਵਿਦਿਆਰਥੀਆਂ ਦੀ ਗਿਣਤੀ ਬਾਰੇ ਕੋਈ ਜਾਣਕਾਰੀ ਮਿਲੀ ਹੈ।