ਬੇਂਗਲੁਰੂ ਦੇ ਮਸ਼ਹੂਰ ਰੈਸਟੋਰੈਂਟ ’ਚ ਬੰਬ ਧਮਾਕਾ

0
107

ਬੇਂਗਲੁਰੂ : ਇਥੇ ਕੁੰਦਨਹੱਲੀ ਇਲਾਕੇ ਦੇ ਪ੍ਰਸਿੱਧ ਰੈਸਟੋਰੈਂਟ ਰਾਮੇਸ਼ਵਰਮ ਕੈਫੇ ’ਚ ਸ਼ੁੱਕਰਵਾਰ ਬਾਅਦ ਦੁਪਹਿਰ ਧਮਾਕੇ ਕਾਰਨ 3 ਸਟਾਫ ਮੈਂਬਰਾਂ ਤੇ 2 ਗਾਹਕਾਂ ਸਣੇ 9 ਵਿਅਕਤੀ ਜ਼ਖਮੀ ਹੋ ਗਏ। ਪਹਿਲਾਂ ਸ਼ੱਕ ਪ੍ਰਗਟਾਇਆ ਗਿਆ ਸੀ ਕਿ ਧਮਾਕਾ ਗੈਸ ਸਿਲੰਡਰ ਫਟਣ ਨਾਲ ਹੋਇਆ ਪਰ ਬਾਅਦ ਵਿਚ ਮੁੱਖ ਮੰਤਰੀ ਸਿੱਧਾਰਮਈਆ ਨੇ ਕਿਹਾ ਕਿ ਇਹ ਬੰਬ ਧਮਾਕਾ ਸੀ। ਐੱਨ ਆਈ ਏ ਦੀ ਟੀਮ ਵੀ ਜਾਂਚ ਲਈ ਪੁੱਜ ਗਈ ਸੀ। ਪੁਲਸ ਨੇ ਦੱਸਿਆ ਕਿ ਜਦ ਉਹ ਪੁੱਜੀ ਤਾਂ ਕੈਫੇ ਦੀ ਕੰਧ ਦਾ ਸ਼ੀਸ਼ਾ ਟੁੱਟ ਕੇ ਟੇਬਲ ’ਤੇ ਬਿਖਰਿਆ ਪਿਆ ਸੀ। ਫਾਇਰ ਸਟੇਸ਼ਨ ਦੇ ਇਕ ਅਫਸਰ ਨੇ ਕਿਹਾ ਕਿ ਉਨ੍ਹਾਂ ਨੂੰ ਸਿਲੰਡਰ ਫਟਣ ਦੀ ਸੂਚਨਾ ਮਿਲੀ ਸੀ।
ਕੈਫੇ ਵਿਚ ਬੈਟਰੀ, ਜਲਿਆ ਬੈਗ ਤੇ ਕੁਝ ਆਈ ਡੀ ਕਾਰਡ ਮਿਲੇ ਹਨ, ਜਿਸ ਦੇ ਆਧਾਰ ’ਤੇ ਧਮਾਕੇ ਨੂੰ ਲੈ ਕੇ ਸਾਜ਼ਿਸ਼ ਦੀਆਂ ਅਟਕਲਾਂ ਹਨ। ਗ੍ਰਹਿ ਮੰਤਰੀ ਨੇ ਕਿਹਾ ਕਿ ਧਮਾਕਾ ਸਿਟਿੰਗ ਏਰੀਏ ਵਿਚ ਹੋਇਆ, ਜਿੱਥੇ ਕੋਈ ਸਿਲੰਡਰ ਨਹੀਂ ਸੀ। ਇਸ ਤੋਂ ਪਹਿਲਾਂ ਭਾਜਪਾ ਸਾਂਸਦ ਤੇ ਭਾਰਤੀ ਜਨਤਾ ਯੁਵਾ ਮੋਰਚਾ ਦੇ ਕੌਮੀ ਪ੍ਰਧਾਨ ਤੇਜਸਵੀ ਸੂਰੀਆ ਨੇ ਕਿਹਾ ਸੀ ਕਿ ਕੈਫੇ ਦੇ ਮਾਲਕ ਸ੍ਰੀ ਨਾਗਰਾਜ ਨੇ ਉਨ੍ਹਾ ਨੂੰ ਦੱਸਿਆ ਕਿ ਧਮਾਕਾ ਉਸ ਬੈਗ ਵਿਚ ਹੋਇਆ, ਜਿਹੜਾ ਇਕ ਗਾਹਕ ਛੱਡ ਗਿਆ ਸੀ। ਉਨ੍ਹਾ ਕਿਹਾ ਕਿ ਇਹ ਬੰਬ ਧਮਾਕਾ ਸੀ ਤੇ ਮੁੱਖ ਮੰਤਰੀ ਸਿੱਧਾਰਮੱਈਆ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ।

LEAVE A REPLY

Please enter your comment!
Please enter your name here