ਨਵੀਂ ਦਿੱਲੀ : ਤੇਲ ਮਾਰਕੀਟਿੰਗ ਕੰਪਨੀਆਂ ਨੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 1 ਮਾਰਚ ਤੋਂ ਸਾਢੇ 25 ਰੁਪਏ ਵਧਾ ਦਿੱਤੀ ਹੈ। ਹੁਣ 19 ਕਿੱਲੋ ਦੇ ਸਿਲੰਡਰ ਦੀ ਦਿੱਲੀ ’ਚ ਪ੍ਰਚੂਨ ਵਿਕਰੀ ਕੀਮਤ 1795 ਰੁਪਏ ਹੋ ਗਈ ਹੈ।
ਕਸ਼ਮੀਰ ’ਚ ਬਰਫਬਾਰੀ
ਸ੍ਰੀਨਗਰ : ਕਸ਼ਮੀਰ ਘਾਟੀ ਦੇ ਉੱਚੇ ਖੇਤਰਾਂ ਗੁਲਮਰਗ, ਤੰਗਮਰਗ ਅਤੇ ਦੂਧਪੱਥਰੀ ’ਚ ਵੀਰਵਾਰ ਸਾਰੀ ਰਾਤ ਬਰਫਬਾਰੀ ਹੋਈ। ਸ੍ਰੀਨਗਰ ਸਮੇਤ ਮੈਦਾਨੀ ਇਲਾਕਿਆਂ ’ਚ ਬਾਰਸ਼ ਹੋਈ। ਜ਼ਿਆਦਾਤਰ ਸਥਾਨਾਂ ’ਤੇ 3 ਮਾਰਚ ਤੱਕ ਦਰਮਿਆਨੀ ਬਾਰਸ਼ ਜਾਂ ਬਰਫਬਾਰੀ ਦੀ ਸੰਭਾਵਨਾ ਹੈ। ਸਕੂਲਾਂ ਦੀਆਂ ਸਰਦੀਆਂ ਦੀਆਂ ਛੁੱਟੀਆਂ ਵਧਾ ਦਿੱਤੀਆਂ ਗਈਆਂ ਹਨ। ਹੁਣ ਸੋਮਵਾਰ ਨੂੰ ਖੁੱਲ੍ਹਣਗੇ।
ਬਾਪੂ ਦੀ ਨਹੀਂ ਹੋਈ ਸੁਣਵਾਈ
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸਿਹਤ ਦੇ ਆਧਾਰ ’ਤੇ ਬਲਾਤਕਾਰ ਦੇ ਮਾਮਲੇ ’ਚ ਉਮਰ ਕੈਦ ਦੀ ਸਜ਼ਾ ਮੁਅੱਤਲ ਕਰਨ ਦੀ ਮੰਗ ਕਰਨ ਵਾਲੀ ਬਾਪੂ ਆਸਾ ਰਾਮ ਦੀ ਪਟੀਸ਼ਨ ’ਤੇ ਸ਼ੁੱਕਰਵਾਰ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ। ਸੁਪਰੀਮ ਕੋਰਟ ਨੇ ਆਸਾ ਰਾਮ ਨੂੰ ਪੁਲਸ ਹਿਰਾਸਤ ਦੌਰਾਨ ਮਹਾਰਾਸ਼ਟਰ ਦੇ ਹਸਪਤਾਲ ’ਚ ਇਲਾਜ ਕਰਵਾਉਣ ਲਈ ਰਾਜਸਥਾਨ ਹਾਈ ਕੋਰਟ ਜਾਣ ਲਈ ਕਿਹਾ।