ਵਿਕਰਮਾਦਿੱਤਿਆ ਬਾਗੀ ਕਾਂਗਰਸੀ ਵਿਧਾਇਕਾਂ ਨੂੰ ਮਿਲੇ

0
238

ਸ਼ਿਮਲਾ : ਹਿਮਾਚਲ ਕਾਂਗਰਸ ’ਚ ਬਗਾਵਤੀ ਅੱਗ ਅਜੇ ਵੀ ਧੁਖ ਰਹੀ ਹੈ। ਮਰਹੂਮ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਬੇਟੇ ਤੇ ਕੈਬਿਨੇਟ ਮੰਤਰੀ ਵਿਕਰਮਾਦਿੱਤਿਆ ਸ਼ੁੱਕਰਵਾਰ ਚੰਡੀਗੜ੍ਹ ਵਿਚ ਉਨ੍ਹਾਂ ਕਾਂਗਰਸੀ ਵਿਧਾਇਕਾਂ ਨੂੰ ਮਿਲ ਕੇ ਦਿੱਲੀ ਗਏ, ਜਿਨ੍ਹਾਂ ਨੇ ਰਾਜ ਸਭਾ ਲਈ ਭਾਜਪਾ ਉਮੀਦਵਾਰ ਦੇ ਹੱਕ ਵਿਚ ਵੋਟਿੰਗ ਕੀਤੀ ਸੀ ਤੇ ਜਿਨ੍ਹਾਂ ਨੂੰ ਸਪੀਕਰ ਨੇ ਵਿੱਤ ਬਿੱਲ ਪਾਸ ਕਰਨ ਲਈ ਪਾਰਟੀ ਵੱਲੋਂ ਜਾਰੀ ਵ੍ਹਿਪ ਦੀ ਉਲੰਘਣਾ ਕਰਨ ’ਤੇ ਅਯੋਗ ਠਹਿਰਾ ਦਿੱਤਾ ਸੀ। ਵਿੱਕਰਮਾਦਿੱਤਿਆ ਨੂੰ ਛੇ ਵਿੱਚੋਂ ਚਾਰ ਬਾਗੀ ਵਿਧਾਇਕ ਮਿਲੇ। ਵਿਕਰਮਾਦਿੱਤਿਆ ਨੇ ਸੰਕਟ ਦਰਮਿਆਨ 28 ਫਰਵਰੀ ਨੂੰ ਇਹ ਕਹਿੰਦਿਆਂ ਅਸਤੀਫਾ ਦੇ ਦਿੱਤਾ ਸੀ ਕਿ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਸਰਕਾਰ ਵਿਚ ਵਿਧਾਇਕਾਂ ਦੀ ਪੂਰੀ ਸੁਣਵਾਈ ਨਹੀਂ ਹੁੰਦੀ। ਹਾਲਾਂਕਿ ਬਾਅਦ ਵਿਚ ਮਨਾਉਣ ’ਤੇ ਉਹ ਕੈਬਿਨੇਟ ਮੀਟਿੰਗ ਵਿਚ ਸ਼ਾਮਲ ਹੋਏ ਸਨ ਤੇ ਅਸਤੀਫਾ ਵਾਪਸ ਲੈ ਲਿਆ ਸੀ। ਇਸੇ ਦੌਰਾਨ ਅਯੋਗ ਠਹਿਰਾਉਣ ਦੇ ਸਪੀਕਰ ਦੇ ਹੁਕਮ ਨੂੰ ਕਾਂਗਰਸੀ ਵਿਧਾਇਕਾਂ ਨੇ ਹਿਮਾਚਲ ਪ੍ਰਦੇਸ਼ ਹਾਈਕੋਰਟ ਵਿਚ ਚੈਲੰਜ ਕੀਤਾ ਹੈ। ਇਸੇ ਦੌਰਾਨ ਕਾਂਗਰਸ ਦੀ ਸੂਬਾ ਪ੍ਰਧਾਨ ਪ੍ਰਤਿਭਾ ਸਿੰਘ ਨੇ ਕਿਹਾ ਹੈ ਕਿ ਭਾਜਪਾ ਦਾ ਕੰਮ ਕਾਂਗਰਸ ਨਾਲੋਂ ਕਿਤੇ ਬਿਹਤਰ ਹੈ। ਕਾਂਗਰਸ ’ਚ ਬਹੁਤ ਕੁਝ ਕਰਨਾ ਬਾਕੀ ਹੈ। ਉਨ੍ਹਾ ਕਿਹਾ-ਇੱਕ ਸੰਸਦ ਮੈਂਬਰ ਹੋਣ ਦੇ ਨਾਤੇ ਮੈਂ ਆਪਣੇ ਹਲਕੇ ਦਾ ਦੌਰਾ ਕਰਦੀ ਹਾਂ ਅਤੇ ਸਥਾਨਕ ਲੋਕਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੀ ਹਾਂ। ਇਹ ਸੱਚ ਹੈ ਕਿ ਭਾਜਪਾ ਦਾ ਕੰਮਕਾਜ ਸਾਡੇ ਨਾਲੋਂ ਬਿਹਤਰ ਹੈ। ਪ੍ਰਤਿਭਾ ਸਿੰਘ ਨੇ ਕਿਹਾ-ਮੈਂ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੂੰ ਆਪਣਾ ਸੰਦੇਸ਼ ਪਹੁੰਚਾ ਦਿੱਤਾ ਹੈ ਅਤੇ ਉਨ੍ਹਾ ਨੂੰ ਸੰਗਠਨ ਨੂੰ ਮਜ਼ਬੂਤ ਕਰਨ ਲਈ ਕਿਹਾ ਹੈ। ਪਹਿਲੇ ਦਿਨ ਤੋਂ ਮੈਂ ਮੁੱਖ ਮੰਤਰੀ ਨੂੰ ਕਹਿ ਰਹੀ ਹਾਂ ਕਿ ਅਸੀਂ ਆਉਣ ਵਾਲੀਆਂ ਚੋਣਾਂ ਦਾ ਸਾਹਮਣਾ ਤਾਂ ਹੀ ਕਰ ਸਕਾਂਗੇ ਜੇ ਸੰਗਠਨ ਨੂੰ ਮਜ਼ਬੂਤ ਕਰਾਂਗੇ। ਇਹ ਸਾਡੇ ਲਈ ਬਹੁਤ ਮੁਸ਼ਕਲ ਸਥਿਤੀ ਹੈ।

LEAVE A REPLY

Please enter your comment!
Please enter your name here