ਸੰਘਰਸ਼ੀ ਕਿਸਾਨ ਐੱਮ ਐੱਸ ਪੀ ਬਾਰੇ ਕਮੇਟੀ ਦੀ ਬਣਤਰ ਤੋਂ ਨਾਰਾਜ਼

0
294

ਨਵੀਂ ਦਿੱਲੀ : ਸੰਯੁਕਤ ਕਿਸਾਨ ਮੋਰਚਾ ਨੇ ਘੱਟੋ-ਘੱਟ ਸਮਰਥਨ ਮੁੱਲ ‘ਤੇ ਕੇਂਦਰ ਸਰਕਾਰ ਦੀ ਕਮੇਟੀ ਨੂੰ ਰੱਦ ਕਰ ਦਿੱਤਾ ਹੈ | ਕਿਸਾਨ ਆਗੂ ਅਭਿਮਨਿਯੂ ਕੋਹਾੜ ਨੇ ਕਿਹਾ ਕਿ ਸਰਕਾਰ ਨੇ ਆਪਣੀ ਕਮੇਟੀ ‘ਚ ਉਨ੍ਹਾਂ ਨੂੰ ਸ਼ਾਮਲ ਕੀਤਾ ਹੈ, ਜਿਨ੍ਹਾਂ ਨੇ ਤਿੰਨ ਖੇਤੀ ਕਾਨੂੰਨਾਂ ਦਾ ਸਮਰਥਨ ਕੀਤਾ ਸੀ | ਸਰਕਾਰ ਨੇ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਵੇਲੇ ਐੱਮ ਐੱਸ ਪੀ ਬਾਰੇ ਕਮੇਟੀ ਬਣਾਉਣ ਦਾ ਵਾਅਦਾ ਕੀਤਾ ਸੀ ਤੇ ਉਸ ਨੇ 8 ਮਹੀਨੇ ਬਾਅਦ ਸੋਮਵਾਰ ਇਸ ਕਮੇਟੀ ਦਾ ਐਲਾਨ ਕੀਤਾ | ਸਾਬਕਾ ਖੇਤੀਬਾੜੀ ਸਕੱਤਰ ਸੰਜੇ ਸਿੰਘ ਨੂੰ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ ਤੇ ਤਿੰਨ ਮੈਂਬਰ ਸੰਯੁਕਤ ਕਿਸਾਨ ਮੋਰਚੇ ਵਿਚੋਂ ਲੈਣ ਦੀ ਗੱਲ ਕਹੀ ਹੈ |
ਕੋਹਾੜ ਨੇ ਕਿਹਾ—ਅੱਜ ਅਸੀਂ ਮੋਰਚੇ ਦੇ ਗੈਰ-ਸਿਆਸੀ ਆਗੂਆਂ ਨੇ ਮੀਟਿੰਗ ਕੀਤੀ | ਸਾਰੇ ਆਗੂਆਂ ਨੇ ਕਮੇਟੀ ਨੂੰ ਰੱਦ ਕਰ ਦਿੱਤਾ | ਸਰਕਾਰ ਨੇ ਕਮੇਟੀ ਵਿਚ ਉਨ੍ਹਾਂ ਅਖੌਤੀ ਕਿਸਾਨ ਆਗੂਆਂ ਨੂੰ ਪਾਇਆ ਹੈ, ਜਿਨ੍ਹਾਂ ਦਾ ਤਿੰਨ ਖੇਤੀ ਕਾਨੂੰਨਾਂ ਖਿਲਾਫ ਸਾਡੇ ਦਿੱਲੀ ਦੀਆਂ ਬਰੂਹਾਂ ‘ਤੇ ਕੀਤੇ ਅੰਦੋਲਨ ਨਾਲ ਕੋਈ ਲੈਣਾ-ਦੇਣਾ ਨਹੀਂ | ਸਰਕਾਰ ਨੇ ਕੁਝ ਕਾਰਪੋਰੇਟ ਮੈਂਬਰਾਂ ਨੂੰ ਵੀ ਕਮੇਟੀ ਵਿਚ ਪਾਇਆ ਹੈ |
ਕਮੇਟੀ ਵਿਚ ਨੀਤੀ ਆਯੋਗ ਦੇ ਮੈਂਬਰ ਰਮੇਸ਼ ਚੰਦ, ਇੰਡੀਅਨ ਇੰਸਟੀਚਿਊਟ ਆਫ ਇਕਨਾਮਿਕ ਡਿਵੈੱਲਪਮੈਂਟ ਦੇ ਖੇਤੀ ਅਰਥ ਸ਼ਾਸਤਰੀ ਸੀ ਐੱਸ ਸੀ ਸ਼ੇਖਰ, ਆਈ ਆਈ ਐੱਮ ਅਹਿਮਦਾਬਾਦ ਦੇ ਪ੍ਰੋਫੈਸਰ ਸੁਖਪਾਲ ਸਿੰਘ ਅਤੇ ਖੇਤੀ ਲਾਗਤਾਂ ਤੇ ਕੀਮਤਾਂ ਦੇ ਕੌਮੀ ਕਮਿਸ਼ਨ ਦੇ ਸੀਨੀਅਰ ਮੈਂਬਰ ਨਵੀਨ ਪੀ ਸਿੰਘ ਵੀ ਸ਼ਾਮਲ ਕੀਤੇ ਗਏ ਹਨ | ਕਿਸਾਨਾਂ ਵੱਲੋਂ ਇਨਾਮ ਜੇਤੂ ਕਿਸਾਨ ਭਾਰਤ ਭੂਸ਼ਣ, ਗੁਣਵੰਤ ਪਾਟਿਲ, ਕਿ੍ਸ਼ਨਵੀਰ ਚੌਧਰੀ, ਪ੍ਰਮੋਦ ਕੁਮਾਰ ਚੌਧਰੀ, ਗੁਣੀ ਪ੍ਰਕਾਸ਼ ਤੇ ਸੱਯਦ ਪਾਸ਼ਾ ਪਟੇਲ ਪਾਏ ਗਏ ਹਨ | ਇਫਕੋ ਦੇ ਚੇਅਰਮੈਨ ਦਲੀਪ ਸੰਘਾਨੀ ਤੇ ਸੀ ਐੱਨ ਆਰ ਆਈ ਦੇ ਜਨਰਲ ਸਕੱਤਰ ਬਿਨੋਦ ਆਨੰਦ ਨੂੰ ਵੀ ਸ਼ਾਮਲ ਕੀਤਾ ਹੈ | ਇਨ੍ਹਾਂ ਤੋਂ ਇਲਾਵਾ ਖੇਤੀ ਯੂਨੀਵਰਸਿਟੀਆਂ ਦੇ ਸੀਨੀਅਰ ਮੈਂਬਰ, ਪੰਜ ਕੇਂਦਰੀ ਸਕੱਤਰ ਅਤੇ ਕਰਨਾਟਕ, ਆਂਧਰਾ, ਸਿੱਕਮ ਤੇ ਓਡੀਸ਼ਾ ਦੇ ਮੁੱਖ ਸਕੱਤਰ ਸ਼ਾਮਲ ਕੀਤੇ ਗਏ ਹਨ |
ਕਿਸਾਨ ਆਗੂਆਂ ਦਾ ਇਹ ਵੀ ਕਹਿਣਾ ਹੈ ਕਿ ਕਮੇਟੀ ਵਿਚ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਨੁਮਾਇੰਦਾ ਨਹੀਂ ਪਾਇਆ ਗਿਆ, ਜਦਕਿ ਜੰਮੂ ਤੇ ਜਬਲਪੁਰ ਦੀਆਂ ਯੂਨੀਵਰਸਿਟੀਆਂ ਦੇ ਪਾ ਲਏ ਹਨ | ਕਿਸਾਨ ਆਗੂਆਂ ਯੋਗੇਂਦਰ ਯਾਦਵ ਤੇ ਦਰਸ਼ਨ ਪਾਲ ਨੇ ਕਿਹਾ ਕਿ ਜਿਹੜੀ ਸ਼ੰਕਾ ਸੀ ਉਹ ਸਹੀ ਨਿਕਲੀ ਹੈ | ਕਮੇਟੀ ਦਾ ਚੇਅਰਮੈਨ ਉਸ ਨੂੰ ਬਣਾਇਆ ਗਿਆ ਹੈ, ਜਿਸ ਨੇ ਤਿੰਨ ਖੇਤੀ ਕਾਨੂੰਨ ਚਿਤਵੇ ਤੇ ਅਖੀਰ ਤੱਕ ਵਕਾਲਤ ਕੀਤੀ | ਕਮੇਟੀ ਵਿਚ ਪੰਜ ਉਹ ਕਿਸਾਨ ਪਾਏ ਹਨ, ਜਿਨ੍ਹਾਂ ਕਾਨੂੰਨਾਂ ਦੀ ਵਕਾਲਤ ਕੀਤੀ, ਜਦਕਿ ਮੋਰਚੇ ਲਈ ਤਿੰਨ ਮੈਂਬਰਾਂ ਦੀ ਥਾਂ ਰੱਖੀ ਹੈ | ਕਮੇਟੀ ਦੇ ਏਜੰਡੇ ਵਿਚ ਸਾਰੀਆਂ ਫਸਲਾਂ ਲਈ ਐੱਮ ਐੱਸ ਪੀ ਨੂੰ ਲਾਜ਼ਮੀ ਬਣਾਉਂਦਾ ਕਾਨੂੰਨ ਬਣਾਉਣ ਦਾ ਵੀ ਜ਼ਿਕਰ ਨਹੀਂ ਹੈ | ਦੋਹਾਂ ਆਗੂਆਂ ਨੇ ਕਿਹਾ ਕਿ ਹਾਲਾਂਕਿ ਅੰਤਮ ਫੈਸਲਾ ਸੰਯਕਤ ਕਿਸਾਨ ਮੋਰਚੇ ਦੇ ਸਾਰੇ ਮੈਂਬਰਾਂ ਨੇ ਲੈਣਾ ਹੈ, ਪਰ ਉਨ੍ਹਾਂ ਦੀ ਨਿੱਜੀ ਰਾਇ ਹੈ ਕਿ ਕਮੇਟੀ ਵਿਚ ਸ਼ਾਮਲ ਨਹੀਂ ਹੋਣਾ ਚਾਹੀਦਾ |

LEAVE A REPLY

Please enter your comment!
Please enter your name here