ਤਰਨ ਤਾਰਨ : ਪਾਵਰ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੇ ਮੁਲਾਜ਼ਮ ਮੰਗਾਂ ਪ੍ਰਤੀ ਅਪਣਾਏ ਨਾਂਹ-ਪੱਖੀ ਰਵੱਈਏ ਖਿਲਾਫ ਬਿਜਲੀ ਕਾਮਿਆਂ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਅਧਾਰਿਤ ਬਣੇ ਪੀ ਐੱਸ ਈ ਬੀ ਇੰਪਲਾਈਜ਼ ਜੁਆਇੰਟ ਫੋਰਮ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਸਾਂਝੇ ਸੱਦੇ ’ਤੇ 13 ਮਾਰਚ ਨੂੰ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ ਰੋਸ ਧਰਨਾ ਲਗਾ ਕੇ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਕੀਤੇ ਜਾ ਰਹੇ ਝੰਡਾ ਮਾਰਚ ਵਿੱਚ ਪੀ ਐੱਸ ਈ ਬੀ ਇੰਪਲਾਈਜ਼ ਫੈਡਰੇਸ਼ਨ ਏਟਕ ਪੰਜਾਬ ਜਥੇਬੰਦੀ ਦੇ ਵਰਕਰ ਵਹੀਰਾਂ ਘੱਤ ਕੇ ਪਹੁੰਚਣਗੇ।
ਝੰਡਾ ਮਾਰਚ ਦੀਆਂ ਤਿਆਰੀਆਂ ਸੰਬੰਧੀ ਜਥੇਬੰਦੀ ਦੀ ਸੂਬਾ ਵਰਕਿੰਗ ਕਮੇਟੀ ਮੀਟਿੰਗ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਗੰਡੀਵਿੰਡ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸੂਬਾ ਭਰ ਤੋਂ ਸਰਕਲਾਂ ਦੇ ਪ੍ਰਧਾਨ/ਸਕੱਤਰ/ਜ਼ੋਨ ਕਨਵੀਨਰਾਂ/ਸੂਬਾਈ ਆਗੂਆਂ ਤੋਂ ਇਲਾਵਾ ਪੰਜਾਬ ਏਟਕ ਦੇ ਪ੍ਰਧਾਨ ਕਾਮਰੇਡ ਬੰਤ ਸਿੰਘ ਬਰਾੜ, ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ, ਵਰਕਿੰਗ ਪ੍ਰਧਾਨ ਸੁਖਦੇਵ ਸ਼ਰਮਾ ਅਤੇ ਸਕੱਤਰ ਰਾਜ ਕੁਮਾਰ ਤਿਵਾੜੀ ਨੇ ਉਚੇਚੇ ਤੌਰ ’ਤੇ ਸ਼ਮੂਲੀਅਤ ਕੀਤੀ। ਮੀਟਿੰਗ ਦੇ ਸ਼ੁਰੂ ਵਿੱਚ ਸਾਬਕਾ ਆਗੂ ਬਲਵਿੰਦਰ ਸਿੰਘ ਸੰਧੂ, ਸ਼ਹੀਦ ਕਿਸਾਨ ਸ਼ੁੱਭਕਰਨ ਸਿੰਘ, ਮੁਲਾਜ਼ਮ ਆਗੂ ਮੇਲਾ ਸਿੰਘ ਦੇ ਪਿਤਾ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕਰਨ ਉਪਰੰਤ ਇਕੱਤਰ ਆਗੂਆਂ ਨੂੰ ਸੰਬੋਧਨ ਕਰਦਿਆਂ ਕਾਮਰੇਡ ਧਾਲੀਵਾਲ ਨੇ ਪੰਜਾਬ ਸਰਕਾਰ ਤੇ ਚੋਣਾਂ ਸਮੇਂ ਮੁਲਾਜ਼ਮ ਅਤੇ ਮਜ਼ਦੂਰ ਵਰਗ ਨਾਲ ਕੀਤੇ ਵਾਅਦਿਆਂ ਤੋਂ ਮੁੱਕਰ ਕੇ ਪੂੰਜੀਪਤੀਆਂ ਦੇ ਹਿੱਤ ਪਾਲਣ ਦੇ ਦੋਸ਼ ਲਗਾਏ । ਜਥੇਬੰਦੀ ਦੇ ਜਨਰਲ ਸਕੱਤਰ ਸਰਿੰਦਰਪਾਲ ਲਹੌਰੀਆ ਨੇ ਦੱਸਿਆ ਕਿ ਪਾਵਰ ਮੈਨੇਜਮੈਂਟ ਨਾਲ ਮੁਲਾਜ਼ਮ ਮੰਗਾਂ ਸੰਬੰਧੀ 5 ਮਾਰਚ ਨੂੰ ਹੋਈ ਮੀਟਿੰਗ ਸਮੇਂ ਮੈਨੇਜਮੈਂਟ ਦਾ ਰਵੱਈਆ ਬਹੁਤ ਅੱਖੜ ਅਤੇ ਵਾਜਿਬ ਮਸਲਿਆਂ ਨੂੰ ਹੱਲ ਕਰਨ ਦੀ ਬਜਾਏ ਟਾਲ-ਮਟੋਲ ਕਰਨ ਵਾਲਾ ਸੀ, ਜਿਸ ਦੇ ਖਿਲਾਫ 6 ਮਾਰਚ ਨੂੰ ਬਿਜਲੀ ਨਿਗਮ ਦੇ ਮੁੱਖ ਦਫਤਰ ਪਟਿਆਲਾ ਵਿਖੇ ਸੂਬਾ ਪੱਧਰ ਦਾ ਰੋਸ ਧਰਨਾ ਲਗਾਉਣ ਦੇ ਬਾਵਜੂਦ ਵੀ ਮੈਨੇਜਮੈਂਟ ਟੇਬਲ ਤੇ ਬੈਠਣ ਤੋਂ ਮੁਨਕਰ ਹੈ ਤੇ ਧੱਕੇ ਨਾਲ ਕਰਮਚਾਰੀਆਂ ਦੀਆਂ ਦੂਰ-ਦੁਰਾਡੇ ਬਦਲੀਆਂ ਕੀਤੀਆਂ ਜਾ ਰਹੀਆਂ ਹਨ। ਪਾਵਰ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੀ ਇਸ ਮੁਲਾਜ਼ਮ ਵਿਰੁੋਧੀ ਨੀਤੀ ਖਿਲਾਫ ਵੱਡੇ ਪੱਧਰ ’ਤੇ ਲਾਮਬੰਦੀ ਕਰਕੇ ਹੱਕਾਂ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਮੁਲਾਜ਼ਮ ਆਗੂਆਂ ਰਛਪਾਲ ਸਿੰਘ ਪਾਲੀ, ਦਰਸ਼ਨ ਲਾਲ, ਪ੍ਰਦਿਉਮਨ ਗੌਤਮ, ਮਨਜੀਤ ਸਿੰਘ ਬਾਸਰਕੇ, ਗੁਰਧਿਆਨ ਸਿੰਘ, ਦਵਿੰਦਰ ਸਿੰਘ ਰੋਪੜ ਆਦਿ ਨੇ 14 ਮਾਰਚ ਨੂੰ ਸੰਯੁਕਤ ਕਿਸਾਨ ਮੋਰਚੇ ਅਤੇ ਕੇਂਦਰੀ ਟਰੇਡ ਯੂਨੀਅਨਾਂ ਦੇ ਸਾਂਝੇ ਦੇਸ਼-ਵਿਆਪੀ ਸੱਦੇ ’ਤੇ ਦਿੱਲੀ ਰਾਮ ਲੀਲ੍ਹਾ ਗਰਾਊਂਡ ਵਿੱਚ ਕੇਂਦਰ ਸਰਕਾਰ ਦੀਆਂ ਕਿਸਾਨ ਤੇ ਹੋ ਰਹੀ ਮਹਾਂ ਪੰਚਾਇਤ ਵਿੱਚ ਭਰਵੀਂ ਸ਼ਮੂਲੀਅਤ ਕਰਨ ਦਾ ਅਹਿਦ ਲਿਆ।




