ਮੁਕਤਸਰ ਸਾਹਿਬ : ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਤਵਾਰ ਆਪਣੇ ਪਿਤਾ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪਹਿਲੀ ਬਰਸੀ ’ਤੇ ਸਾਰੇ ਅਕਾਲੀ ਧੜਿਆਂ ਨੂੰ ਮੁੜ ਇਕਜੁੱਟ ਹੋਣ ਦੀ ਅਪੀਲ ਕੀਤੀ ਹੈ। ਬਾਦਲ ਦਾ ਪਿਛਲੇ ਸਾਲ 25 ਅਪ੍ਰੈਲ ਨੂੰ ਦੇਹਾਂਤ ਹੋ ਗਿਆ ਸੀ। ਬਰਸੀ ਸਮਾਗਮ ਵਿਚ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਤੇ ਅਰਵਿੰਦ ਖੰਨਾ ਵੀ ਮੌਜੂਦ ਸਨ। ਜਾਖੜ ਨੇ ਆਪਣੇ ਸੰਬੋਧਨ ਵਿਚ ਬਾਦਲ ਨੂੰ ਆਪਣਾ ਸਿਆਸੀ ਗੁਰੂ ਦੱਸਿਆ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵਿਚਾਲੇ ਗੱਠਜੋੜ ਨੂੰ ਲੈ ਕੇ ਕੋਈ ਗੱਲ ਨਹੀਂ ਹੋਈ। ਸਾਰੇ ਆਗੂਆਂ ਨੇ ਬਾਦਲ ਨੂੰ ਕਿਸਾਨ ਹੱਕਾਂ ਦਾ ਹਮਾਇਤੀ ਦੱਸਿਆ। ਕੁਝ ਸਿਆਸਤਦਾਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਨੁਕਤਾਚੀਨੀ ਕੀਤੀ। ਇਸ ਮੌਕੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ, ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਤੇ ਰਣਜੀਤ ਚੌਟਾਲਾ ਵੀ ਮੌਜੂਦ ਸਨ।




