ਕਿਸਾਨਾਂ ਦੀ ਲਲਕਾਰ : ਸਰਕਾਰ ਵਹਿਮ ਨਾ ਪਾਲੇ

0
230

ਨਵੀਂ ਦਿੱਲੀ : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਵੀਰਵਾਰ ਰਾਮਲੀਲ੍ਹਾ ਮੈਦਾਨ ਵਿਚ ਹੋਈ ਕਿਸਾਨ-ਮਜ਼ਦੂਰ ਮਹਾਂ-ਪੰਚਾਇਤ ਨੇ ਧਨਬਲ ਤੇ ਬਾਹਬੂਲ ਦੇ ਖਤਰੇ ਖਿਲਾਫ 23 ਮਾਰਚ ਨੂੰ ਦੇਸ਼ ਦੇ ਸਾਰੇ ਪਿੰਡਾਂ ਵਿਚ ਲੋਕਤੰਤਰ ਬਚਾਓ ਦਿਵਸ ਮਨਾਉਣ ਦਾ ਸੱਦਾ ਦਿੱਤਾ। ਇਸ ਦੌਰਾਨ ਭਾਜਪਾ ਵੱਲੋਂ ਲਖੀਮਪੁਰ ਖੀਰੀ ਤੋਂ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਣੀ ਨੂੰ ਉਮੀਦਵਾਰ ਬਣਾਉਣ ਦਾ ਵਿਰੋਧ ਕੀਤਾ ਜਾਵੇਗਾ ਤੇ ਭਾਜਪਾ ਰਾਜ ਵਿਚ ਪਨਪੇ ਕਾਰਪੋਰੇਟ-ਅਪਰਾਧਕ-ਭਿ੍ਰਸ਼ਟ ਗਠਜੋੜ ਦਾ ਪਰਦਾ ਫਾਸ਼ ਕੀਤਾ ਜਾਵੇਗਾ। ਮੋਰਚੇ ਨੇ ਨੌਜਵਾਨ ਕਿਸਾਨ ਸ਼ੁਭਕਰਨ ਦੀ ਹੱਤਿਆ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਅਸਤੀਫਾ ਮੰਗਿਆ। ਘਟਨਾ ਦੀ ਨਿਆਂਇਕ ਜਾਂਚ ਤੇ ਜ਼ਿੰਮੇਵਾਰ ਆਗੂਆਂ ਖਿਲਾਫ ਐੱਫ ਆਈ ਆਰ ਦਰਜ ਕਰਨ ਦੀ ਮੰਗ ਕੀਤੀ। ਮਹਾਂ-ਪੰਚਾਇਤ ਨੇ ਮੰਗ ਕੀਤੀ ਕਿ ਐੱਮ ਐੱਸ ਪੀ ਗਰੰਟੀ ਕਾਨੂੰਨ ਲਿਆਂਦਾ ਜਾਵੇ, ਸਵਾਮੀਨਾਥਨ ਰਿਪੋਰਟ ਲਾਗੂ ਕੀਤੀ ਜਾਵੇ, ਕਿਸਾਨਾਂ ਦੇ ਕਰਜ਼ੇ ਮੁਆਫ ਕੀਤੇ ਜਾਣ, ਪਿਛਲੇ ਕਿਸਾਨ ਅੰਦੋਲਨ ਦੌਰਾਨ ਦਰਜ ਕੇਸ ਰੱਦ ਕੀਤੇ ਜਾਣ, ਕਿਸਾਨ ਅੰਦੋਲਨ ਵਿਚ ਸ਼ਹੀਦ ਹੋਣ ਵਾਲਿਆਂ ਦੇ ਪਰਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ, ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਈ ਜਾਵੇ ਅਤੇ ਜ਼ਮੀਨ ਐਕਵਾਇਰ ਕਾਨੂੰਨ ਦੀਆਂ ਕਿਸਾਨ ਵਿਰੋਧੀ ਮੱਦਾਂ ’ਤੇ ਨਜ਼ਰਸਾਨੀ ਕੀਤੀ ਜਾਵੇ। ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਮੋਰਚੇ ਨੂੰ ਤੋੜਨਾ ਚਾਹੁੰਦੀ ਹੈ, ਸਿੱਖਾਂ ਨੂੰ ਬਦਨਾਮ ਕਰ ਰਹੀ ਹੈ, ਪਰ ਪੂਰਾ ਦੇਸ਼ ਕਿਸਾਨਾਂ ਨਾਲ ਹੈ। ਕਿਸਾਨਾਂ ਦੇ ਵਿਸ਼ਾਲ ਇਕੱਠ ਤੋਂ ਸਰਕਾਰ ਨੂੰ ਸਮਝ ਆ ਜਾਣੀ ਚਾਹੀਦੀ ਹੈ ਕਿ ਉਹ ਇਕਮੁੱਠ ਹਨ। ਸਰਕਾਰ ਗੱਲਬਾਤ ਰਾਹੀਂ ਮੰਗਾਂ ਦਾ ਹੱਲ ਕਰੇ। ਇਹ ਅੰਦੋਲਨ ਰੁਕਣ ਵਾਲਾ ਨਹੀਂ। ਉਨ੍ਹਾ ਇਹ ਵੀ ਕਿਹਾ ਕਿ ਦੇੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਕਿਸਾਨ ਅੰਦੋਲਨ ਚੱਲ ਰਹੇ ਹਨ, ਮੀਡੀਆ ਉਨ੍ਹਾਂ ਨੂੰ ਦਿਖਾ ਨਹੀਂ ਰਿਹਾ। ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਆਰ-ਪਾਰ ਦੀ ਲੜਾਈ ਹੋਵੇਗੀ। ਡਾ. ਦਰਸ਼ਨ ਪਾਲ ਨੇ ਕਿਹਾ ਕਿ ਬਾਰਡਰ ’ਤੇ ਕਿੱਲ ਲਾ ਕੇ ਕਿਸਾਨਾਂ ਨੂੰ ਦਿੱਲੀ ਆਉਣ ਤੋਂ ਰੋਕਿਆ ਗਿਆ। ਉਨ੍ਹਾ ਕਿਹਾਅਸੀਂ ਉਨ੍ਹਾਂ ਨੂੰ ਪਿੰਡਾਂ ਵਿਚ ਨਹੀਂ ਆਉਣ ਦੇਵਾਂਗੇ ਤੇ ਸਬਕ ਸਿਖਾਵਾਂਗੇ।
ਦਿੱਲੀ ਪ੍ਰਸ਼ਾਸਨ ਨੇ ਮਹਾਂ-ਪੰਚਾਇਤ ਦੀ ਭਾਵੇਂ ਇਜਾਜ਼ਤ ਦੇ ਦਿੱਤੀ ਸੀ, ਪਰ ਦਿੱਲੀ ਪਹੁੰਚਣ ਵਾਲੇ ਕਿਸਾਨਾਂ ਨੂੰ ਕਾਫੀ ਪ੍ਰੇਸ਼ਾਨ ਕੀਤਾ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਆਪਣੇ ਸਾਥੀਆਂ ਨਾਲ ਅੰਬਾਲਾ ਤੋਂ ਦਿੱਲੀ ਆਏ ਤਾਂ ਰਸਤੇ ਵਿੱਚ ਕਈ ਥਾਵਾਂ ’ਤੇ ਪੁਲਸ ਨਾਲ ਬਹਿਸ ਕਰਨੀ ਪਈ, ਜਦ ਕਿ ਉਨ੍ਹਾ ਦੀ ਗੱਡੀ ਨੂੰ ਮਨਜ਼ੂਰੀ ਮਿਲੀ ਹੋਈ ਸੀ। ਕਿਸਾਨਾਂ ਦੇ ਜਿਹੜੇ ਕਾਫਲੇ ਪੁਰਾਣੀ ਦਿੱਲੀ ਰੇਲਵੇ ਸਟੇਸਨ ’ਤੇ ਉੱਤਰ ਕੇ ਗੁਰਦੁਆਰਾ ਬੰਗਲਾ ਸਾਹਿਬ ਨੂੰ ਜਾ ਰਹੇ ਸਨ ਉਨ੍ਹਾਂ ਨੂੰ ਕਨਾਟ ਪਲੇਸ ਕੋਲ ਬੱਸਾਂ ਵਿੱਚੋਂ ਉਤਾਰ ਲਿਆ ਅਤੇ ਪੁਲਸ ਦੀਆਂ ਬੱਸਾਂ ’ਚ ਬਿਠਾ ਕੇ ਇੱਧਰ-ਉੱਧਰ ਘੁੰਮਾਉਣ ਤੋਂ ਬਾਅਦ ਚਾਂਦਨੀ ਚੌਕ ਵਿਖੇ ਛੱਡ ਦਿੱਤਾ। ਨਾਲ ਹੀ ਸੀਸ ਗੰਜ ਗੁਰਦੁਆਰੇ ’ਚ ਰਹਿਣ ਦੀ ਨਸੀਹਤ ਦਿੱਤੀ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਜਥੇਬੰਦੀ ਦੇ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ ਨੂੰ ਮਾਨਸਾ ਜ਼ਿਲ੍ਹੇ ਦੇ ਸਾਥੀਆਂ ਅਤੇ ਬੀਬੀਆਂ ਸਮੇਤ ਕਨਾਟ ਪਲੇਸ ਤੋਂ ਚਾਂਦਨੀ ਚੌਕ ਲਿਜਾਇਆ ਗਿਆ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਸੂਬਾ ਪ੍ਰਧਾਨ ਦੀ ਗੱਡੀ ਨੂੰ ਵੀ ਨਵੀਂ ਦਿੱਲੀ ਵੱਲ ਜਾਣ ਤੋਂ ਰੋਕਿਆ। ਬਾਅਦ ਵਿੱਚ ਪਤਾ ਲੱਗਿਆ ਕਿ ਨਵੀਂ ਦਿੱਲੀ ’ਚ ਦਫਾ 144 ਲਾਈ ਹੋਈ ਹੈ ਅਤੇ ਪੁਰਾਣੀ ਦਿੱਲੀ ਤੋਂ ਨਵੀਂ ਦਿੱਲੀ ਵੱਲ ਕਿਸੇ ਨੂੰ ਵੀ ਜਾਣ ਨਹੀਂ ਦਿੱਤਾ ਜਾ ਰਿਹਾ। ਆਮ ਤੌਰ ’ਤੇ ਜਦੋਂ ਵੀ ਕਿਸਾਨਾਂ ਦਾ ਕੋਈ ਇਕੱਠ ਹੁੰਦਾ ਹੈ ਤਾਂ ਉਹ ਮੁੱਖ ਤੌਰ ’ਤੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਰੁਕਦੇ ਹਨ, ਪਰ ਕਿਸਾਨਾਂ ਨੂੰ ਇੱਥੇ ਪਹੁੰਚਣ ਤੋਂ ਰੋਕਿਆ ਗਿਆ ਤਾਂ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਬਹੁਤ ਜ਼ਿਆਦਾ ਭੀੜ ਹੋ ਗਈ। ਇਸ ਤੋਂ ਇਲਾਵਾ ਭਾਵੇਂ ਰਾਮਲੀਲ੍ਹਾ ਮੈਦਾਨ ਦੀ ਦੋ ਦਿਨ ਵਾਸਤੇ ਮਨਜ਼ੂਰੀ ਦਿੱਤੀ ਗਈ ਸੀ, ਪਰ ਰਾਤ ਨੂੰ ਆਉਣ ਵਾਲੇ ਕਿਸਾਨਾਂ ਨੂੰ ਰਾਮਲੀਲ੍ਹਾ ਮੈਦਾਨ ’ਚ ਦਾਖਲ ਨਹੀਂ ਹੋਣ ਦਿੱਤਾ ਗਿਆ। ਕਿਸਾਨਾਂ ਨੂੰ ਰੇਲਵੇ ਸਟੇਸ਼ਨਾਂ ’ਤੇ ਠਹਿਰਨ ’ਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਿਸਾਨਾਂ ਦੇ ਕਾਫਲੇ ਸਾਰੀ ਰਾਤ ਸੜਕਾਂ ’ਤੇ ਰਹੇ। ਧਨੇਰ ਨੇ ਕਿਹਾ ਕਿ ਭਾਜਪਾ ਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ। ਸੰਯੁਕਤ ਕਿਸਾਨ ਮੋਰਚੇ ਦੇ ਸਮੁੱਚੇ ਆਗੂਆਂ ’ਚ ਕੇਂਦਰ ਸਰਕਾਰ ਪ੍ਰਤੀ ਸਖਤ ਰੋਸ ਹੈ।

LEAVE A REPLY

Please enter your comment!
Please enter your name here