ਨਵੀਂ ਦਿੱਲੀ : ਮਸ਼ਹੂਰ ਬਾਲੀਵੁੱਡ ਗਾਇਕਾ ਪਦਮਸ੍ਰੀ ਅਨੁਰਾਧਾ ਪੌਡਵਾਲ ਲੋਕ ਸਭਾ ਚੋਣਾਂ ਤੋਂ ਪਹਿਲਾਂ ਸ਼ਨੀਵਾਰ ਭਾਜਪਾ ’ਚ ਸ਼ਾਮਲ ਹੋ ਗਈ। ਭਾਜਪਾ ਹੈੱਡਕੁਆਰਟਰ ਵਿਖੇ ਪੌਡਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ ਕੀਤੀ ਅਤੇ ਕਿਹਾ ਕਿ ਉਹ ਮੋਦੀ ਦੀ ਅਗਵਾਈ ਵਾਲੀ ਪਾਰਟੀ ’ਚ ਸ਼ਾਮਲ ਹੋ ਕੇ ਖੁਸ਼ ਹੈ।
ਨਵਨੀਤ ਸਹਿਗਲ ਪ੍ਰਸਾਰ ਭਾਰਤੀ ਬੋਰਡ ਦੇ ਨਵੇਂ ਚੇਅਰਮੈਨ
ਨਵੀਂ ਦਿੱਲੀ : ਰਿਟਾਇਰਡ ਨੌਕਰਸ਼ਾਹ ਨਵਨੀਤ ਕੁਮਾਰ ਸਹਿਗਲ ਨੂੰ ਪ੍ਰਸਾਰ ਭਾਰਤੀ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਉਨ੍ਹਾ ਦੇ ਅਹੁਦੇ ਦੀ ਮਿਆਦ 3 ਸਾਲ ਜਾਂ ਜਦੋਂ ਤੱਕ ਉਹ 70 ਸਾਲ ਦੇ ਨਹੀਂ ਹੋ ਜਾਂਦੇ, ਤੱਕ ਹੋਵੇਗੀ। ਇਹ ਅਹੁਦਾ ਫਰਵਰੀ 2020 ਵਿਚ ਸੂਰੀਆ ਪ੍ਰਕਾਸ਼ ਦੀ ਮਿਆਦ ਪੁੱਗ ਜਾਣ ਤੋਂ ਬਾਅਦ ਦਾ ਖਾਲੀ ਸੀ।
ਯਾਸੀਨ ਮਲਿਕ ਦੀ ਜਥੇਬੰਦੀ ’ਤੇ ਪਾਬੰਦੀ ’ਚ ਵਾਧਾ
ਨਵੀਂ ਦਿੱਲੀ : ਮੋਦੀ ਸਰਕਾਰ ਨੇ ਜੇਲ੍ਹ ’ਚ ਅੱਤਵਾਦ ਦੇ ਦੋਸ਼ਾਂ ਹੇਠ ਬੰਦ ਯਾਸੀਨ ਮਲਿਕ ਦੀ ਅਗਵਾਈ ਵਾਲੇ ਜੰਮੂ-ਕਸ਼ਮੀਰ ਲਿਬਰੇਸ਼ਨ ਫਰੰਟ ਨੂੰ ਹੋਰ ਪੰਜ ਸਾਲ ਲਈ ਗੈਰਕਾਨੂੰਨੀ ਜਥੇਬੰਦੀ ਐਲਾਨਿਆ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਇਹ ਜਥੇਬੰਦੀ ਵੱਖਵਾਦੀ ਸਰਗਰਮੀਆਂ ਜਾਰੀ ਰੱਖੇ ਹੋਏ ਹੈ। ਉਨ੍ਹਾ ਕਿਹਾ ਕਿ ਦੇਸ਼ ਦੀ ਸੁਰੱਖਿਆ, ਪ੍ਰਭੂਸੱਤਾ ਅਤੇ ਅਖੰਡਤਾ ਨੂੰ ਚੁਣੌਤੀ ਦੇਣ ਵਾਲੇ ਨੂੰ ਸਖਤ ਕਾਨੂੰਨੀ ਨਤੀਜੇ ਭੁਗਤਣੇ ਪੈਣਗੇ। ਜੰਮੂ-ਕਸ਼ਮੀਰ ਪੀਪਲਜ਼ ਫਰੀਡਮ ਲੀਗ ਅਤੇ ਜੰਮੂ-ਕਸ਼ਮੀਰ ਪੀਪਲਜ਼ ਲੀਗ (ਜੇ ਕੇ ਪੀ ਐੱਲ) ਦੇ ਚਾਰ ਸਮੂਹਾਂ ’ਤੇ ਵੀ ਪਾਬੰਦੀ ਲਗਾਈ ਗਈ ਹੈ। ਇਨ੍ਹਾਂ ਵਿਚ ਜੇ ਕੇ ਪੀ ਐੱਲ (ਮੁਖਤਾਰ ਅਹਿਮਦ ਵਾਜ਼ਾ), ਜੇ ਕੇ ਪੀ ਐੱਲ (ਬਸ਼ੀਰ ਅਹਿਮਦ ਤੋਤਾ), ਜੇ ਕੇ ਪੀ ਐੱਲ (ਗੁਲਾਮ ਮੁਹੰਮਦ ਖਾਨ) ਅਤੇ ਯਾਕੂਬ ਸ਼ੇਖ ਦੀ ਅਗਵਾਈ ਵਾਲੀ ਜੇ ਕੇ ਪੀ ਐੱਲ (ਅਜ਼ੀਜ਼) ਸ਼ਾਮਲ ਹਨ।