ਨਵੀਂ ਦਿੱਲੀ : ਐਡੀਸ਼ਨਲ ਚੀਫ ਮੈਟਰੋਪੋਲੀਟਨ ਮੈਜਿਸਟ੍ਰੇਟ ਦਿਵਿਆ ਮਲਹੋਤਰਾ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕਥਿਤ ਆਬਕਾਰੀ ਨੀਤੀ ਘਪਲੇ ਨਾਲ ਸੰਬੰਧਤ ਮਨੀ ਲਾਂਡਰਿੰਗ ਮਾਮਲੇ ’ਚ ਸੰਮਨਾਂ ’ਤੇ ਪੇਸ਼ ਨਾ ਹੋਣ ਕਾਰਨ ਈ ਡੀ ਵੱਲੋਂ ਦਾਇਰ ਕੀਤੀਆਂ ਦੋ ਸ਼ਿਕਾਇਤਾਂ ਦੇ ਸੰਬੰਧ ’ਚ ਸ਼ਨੀਵਾਰ ਜ਼ਮਾਨਤ ਦੇ ਦਿੱਤੀ। ਅਦਾਲਤ ਨੇ ਈ ਡੀ ਨੂੰ ਸ਼ਿਕਾਇਤਾਂ ਨਾਲ ਸੰਬੰਧਤ ਦਸਤਾਵੇਜ਼ ਮੁੱਖ ਮੰਤਰੀ ਨੂੰ ਸੌਂਪਣ ਦਾ ਵੀ ਨਿਰਦੇਸ਼ ਦਿੱਤਾ। ਅਗਲੀ ਸੁਣਵਾਈ ਪਹਿਲੀ ਅਪ੍ਰੈਲ ਨੂੰ ਹੋਵੇਗੀ।
ਹਿਮਾਚਲ ਦੇ ਬਾਗੀ ਕਾਂਗਰਸੀ ਵਿਧਾਇਕਾਂ ਦੀ ਸੁਣਵਾਈ ਭਲਕੇ
ਨਵੀਂ ਦਿੱਲੀ : ਸੁਪਰੀਮ ਕੋਰਟ ਹਿਮਾਚਲ ਵਿਧਾਨ ਸਭਾ ਤੋਂ ਅਯੋਗ ਠਹਿਰਾਏ ਜਾਣ ਵਿਰੁੱਧ ਕਾਂਗਰਸ ਦੇ ਛੇ ਬਾਗੀ ਵਿਧਾਇਕਾਂ ਦੀ ਪਟੀਸ਼ਨ ’ਤੇ 18 ਮਾਰਚ ਨੂੰ ਸੁਣਵਾਈ ਕਰੇਗੀ। ਇਨ੍ਹਾਂ ਨੇ ਹਾਲ ਹੀ ਵਿਚ ਰਾਜ ਸਭਾ ਚੋਣ ਵਿਚ ਕਰਾਸ-ਵੋਟਿੰਗ ਕੀਤੀ ਸੀ। 6 ਬਾਗੀ ਵਿਧਾਇਕਾਂ ਸੁਧੀਰ ਸ਼ਰਮਾ, ਰਵੀ ਠਾਕੁਰ, ਰਜਿੰਦਰ ਰਾਣਾ, ਇੰਦਰ ਦੱਤ ਲਖਨਪਾਲ, ਚੇਤਨਿਆ ਸ਼ਰਮਾ ਅਤੇ ਦਵਿੰਦਰ ਕੁਮਾਰ ਭੁੱਟੋ ਨੂੰ ਬੱਜਟ ਪਾਸ ਕਰਨ ਲਈ ਕਾਂਗਰਸ ਦੇ ਵ੍ਹਿਪ ਦੀ ਉਲੰਘਣਾ ਕਰਨ ’ਤੇ ਸਪੀਕਰ ਨੇ ਅਯੋਗ ਕਰਾਰ ਦਿੱਤਾ ਸੀ।