ਨਵੀਂ ਦਿੱਲੀ : ਅਮਰੀਕਾ ’ਚ ਰਾਜਦੂਤ ਰਹੇ ਤਰਨਜੀਤ ਸਿੰਘ ਸੰਧੂ ਮੰਗਲਵਾਰ ਭਾਜਪਾ ’ਚ ਸ਼ਾਮਲ ਹੋ ਗਏ। ਪਾਰਟੀ ਉਨ੍ਹਾ ਨੂੰ ਅੰਮਿ੍ਰਤਸਰ ਤੋਂ ਲੋਕ ਸਭਾ ਚੋਣਾਂ ਲਈ ਉਮੀਦਵਾਰ ਬਣਾ ਸਕਦੀ ਹੈ। ਭਾਜਪਾ ’ਚ ਸ਼ਾਮਲ ਹੋ ਕੇ ਸੰਧੂ ਨੇ ਭਾਰਤ-ਅਮਰੀਕਾ ਸੰਬੰਧਾਂ ’ਚ ਹੋਏ ਵਿਕਾਸ ਬਾਰੇ ਗੱਲ ਕੀਤੀ। ਉਨ੍ਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪਾਰਟੀ ਪ੍ਰਧਾਨ ਜੇ ਪੀ ਨੱਢਾ ਦਾ ਧੰਨਵਾਦ ਕੀਤਾ।
ਨਿਤੀਸ਼ ਦੀ ਪਾਰਟੀ ਦੇ ਕੌਮੀ ਜਨਰਲ ਸਕੱਤਰ ਦਾ ਅਸਤੀਫਾ
ਪਟਨਾ : ਬਿਹਾਰ ਵਿਚ ਸੀਟਾਂ ਦੀ ਵੰਡ ਤੋਂ ਬਾਅਦ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਜਨਤਾ ਦਲ (ਯੂ) ਦੇ ਕੌਮੀ ਜਨਰਲ ਸਕੱਤਰ ਅਲੀ ਅਸ਼ਰਫ ਫਾਤਮੀ ਨੇ ਪਾਰਟੀ ਛੱਡ ਦਿੱਤੀ ਹੈ। ਉਨ੍ਹਾ ਦੇ ਰਾਜਦ ਵਿਚ ਸ਼ਾਮਲ ਹੋ ਕੇ ਦਰਭੰਗਾ ਤੋਂ ਚੋਣ ਲੜਨ ਦੀ ਸੰਭਾਵਨਾ ਹੈ।
ਸ਼ਿੱਬੂ ਦੀ ਨੂੰਹ ਰੁੱਸੀ
ਰਾਂਚੀ : ਝਾਰਖੰਡ ਮੁਕਤੀ ਮੋਰਚਾ ਦੀ ਜਾਮਾ ਤੋਂ ਵਿਧਾਇਕ ਸੀਤਾ ਸੋਰੇਨ ਮੰਗਲਵਾਰ ਪਾਰਟੀ ਤੋਂ ਅਸਤੀਫਾ ਦੇ ਕੇ ਭਾਜਪਾ ’ਚ ਸ਼ਾਮਲ ਹੋ ਗਈ। ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਭਾਬੀ ਨੇ ਪਾਰਟੀ ਦੇ ਸੁਪਰੀਮੋ ਤੇ ਆਪਣੇ ਸਹੁਰੇ ਸ਼ਿੱਬੂ ਸੋਰੇਨ ਨੂੰ ਭੇਜੇੇ ਅਸਤੀਫੇ ’ਚ ਕਿਹਾ ਕਿ ਉਸ ਦੇ ਪਤੀ ਦੁਰਗਾ ਸੋਰੇਨ ਦੇ ਦੇਹਾਂਤ ਤੋਂ ਬਾਅਦ ਪਾਰਟੀ ਉਸ ਨੂੰ ਤੇ ਉਸ ਦੇ ਪਰਵਾਰ ਨੂੰ ਅੱਖੋਂ-ਪਰੋਖੇ ਕਰਦੀ ਆ ਰਹੀ ਹੈ।
ਸ਼ੇਅਰਾਂ ’ਚ ਗਿਰਾਵਟ
ਮੁੰਬਈ : ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ ਸੀ ਐੱਸ), ਇਨਫੋਸਿਸ ਅਤੇ ਰਿਲਾਇੰਸ ਇੰਡਸਟਰੀਜ਼ ਵਰਗੀਆਂ ਵੱਡੀਆਂ ਕੰਪਨੀਆਂ ਦੇ ਸ਼ੇਅਰਾਂ ਦੀ ਭਾਰੀ ਵਿਕਰੀ, ਹੋਰ ਏਸ਼ੀਆਈ ਬਾਜ਼ਾਰਾਂ ’ਚ ਗਿਰਾਵਟ ਅਤੇ ਵਿਦੇਸ਼ੀ ਫੰਡਾਂ ਦੀ ਨਿਕਾਸੀ ਕਾਰਨ ਮੰਗਲਵਾਰ ਸਟਾਕ ਸੂਚਕ ਅੰਕ ਸੈਂਸੈਕਸ ਅਤੇ ਨਿਫਟੀ ਇੱਕ-ਇੱਕ ਫੀਸਦੀ ਡਿੱਗ ਗਏ। ਬੀ ਐੱਸ ਈ ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ ਸੈਂਸੈਕਸ 736.37 ਅੰਕ ਜਾਂ 1.01 ਫੀਸਦੀ ਡਿੱਗ ਕੇ 72,012.05 ਅੰਕ ’ਤੇ ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 238.25 ਅੰਕ ਜਾਂ 1.08 ਫੀਸਦੀ ਡਿੱਗ ਕੇ 21,817.45 ਅੰਕ ’ਤੇ ਬੰਦ ਹੋਇਆ।




