ਸੀਤਾਪੁਰ (ਯੂ ਪੀ) : ਦੁਪਹਿਰ ਦੇ ਖਾਣੇ ’ਚ ਦੇਰ ਹੋਣ ਕਾਰਨ ਬਹਿਸ ਤੋਂ ਬਾਅਦ ਸੀਤਾਪੁਰ ਜ਼ਿਲ੍ਹੇ ਦੇ ਪਿੰਡ ਕੋਤਵਾਲਨਪੁਰਵਾ ਦੇ 30 ਸਾਲਾ ਪਰਸ ਰਾਮ ਨੇ 28 ਸਾਲਾ ਪਤਨੀ ਪ੍ਰੇਮਾ ਦੇਵੀ ਦੀ ਤੇਜ਼ਧਾਰ ਹਥਿਆਰ ਨਾਲ ਹੱਤਿਆ ਕਰ ਦਿੱਤੀ ਤੇ ਖੁਦ ਫਾਹਾ ਲੈ ਲਿਆ। ਪਰਸ ਰਾਮ ਨੇ ਸੋਮਵਾਰ ਦੁਪਹਿਰ ਖੇਤ ’ਚੋਂ ਘਰ ਪਰਤ ਕੇ ਪਤਨੀ ਤੋਂ ਖਾਣਾ ਮੰਗਿਆ। ਖਾਣਾ ਤਿਆਰ ਨਹੀਂ ਸੀ ਅਤੇ ਉਸ ਨੂੰ ਗੁੱਸਾ ਆ ਗਿਆ। ਲੋਕਾਂ ਨੇ ਦੱਸਿਆ ਕਿ ਤਕਰਾਰ ਦੌਰਾਨ ਉਸ ਨੇ ਪਹਿਲਾਂ ਪਤਨੀ ਦੀ ਹੱਤਿਆ ਕੀਤੀ ਅਤੇ ਫਿਰ ਜੇਲ੍ਹ ਜਾਣ ਦੇ ਡਰੋਂ ਘਰ ਦੇ ਅੰਦਰ ਹੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।
ਕੋਟਾ ’ਚ ਕੋਚਿੰਗ ਲੈਂਦੀ ਕੁੜੀ ਗਾਇਬ
ਕੋਟਾ (ਰਾਜਸਥਾਨ) : ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਦੀ ਰਹਿਣ ਵਾਲੀ 21 ਸਾਲਾ ਕੁੜੀ ਨੂੰ ਕੋਟਾ ਤੋਂ ਕਥਿਤ ਤੌਰ ’ਤੇ ਅਗਵਾ ਕਰ ਲਿਆ ਗਿਆ। ਪਿਤਾ ਨੇ ਦਾਅਵਾ ਕੀਤਾ ਹੈ ਕਿ ਅਗਵਾਕਾਰਾਂ ਨੇ ਉਸ ਤੋਂ 30 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਹੈ। ਕੁੜੀ ਪਿਛਲੇ ਸਾਲ ਅਗਸਤ ’ਚ ਇਮਤਿਹਾਨ ਦੀ ਕੋਚਿੰਗ ਲਈ ਕੋਟਾ ਆਈ ਸੀ ਤੇ ਵਿਗਿਆਨ ਨਗਰ ਥਾਣਾ ਖੇਤਰ ਦੇ ਹੋਸਟਲ ’ਚ ਰਹਿ ਰਹੀ ਸੀ। ਪਿਤਾ ਨੂੰ ਧੀ ਦੀਆਂ ਕੁਝ ਤਸਵੀਰਾਂ ਵੀ ਮਿਲੀਆਂ ਹਨ, ਜਿਸ ਵਿਚ ਉਸ ਦੇ ਹੱਥ-ਪੈਰ ਬੰਨ੍ਹੇ ਹੋਏ ਦਿਖਾਈ ਦਿੱਤੇ। ਦੂਜੇ ਪਾਸੇ ਪੁਲਸ ਨੇ ਅਗਵਾ ਦੀ ਪੁਸ਼ਟੀ ਨਹੀਂ ਕੀਤੀ ਤੇ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ।
ਵਿਆਹੁਤਾ ਦੀ ਮੌਤ ਤੋਂ ਬਾਅਦ ਸੱਸ-ਸਹੁਰਾ ਸਾੜ ਦਿੱਤੇ
ਪ੍ਰਯਾਗਰਾਜ (ਯੂ ਪੀ) : ਪ੍ਰਯਾਗਰਾਜ ਦੇ ਮੁੱਠੀਗੰਜ ਥਾਣਾ ਖੇਤਰ ’ਚ ਸੋਮਵਾਰ ਦੇਰ ਰਾਤ ਅੰਸ਼ਿਕਾ ਕੇਸਰਵਾਨੀ (27) ਵੱਲੋਂ ਕਥਿਤ ਤੌਰ ’ਤੇ ਫਾਹਾ ਲੈ ਲੈਣ ਤੋਂ ਬਾਅਦ ਗੁੱਸੇ ਵਿੱਚ ਆਏ ਮਾਪਿਆਂ ਨੇ ਉਸ ਦੇ ਸਹੁਰੇ ਘਰ ਨੂੰ ਅੱਗ ਲਾ ਦਿੱਤੀ, ਜਿਸ ਕਾਰਨ ਸਹੁਰੇ ਤੇ ਸੱਸ ਦੀ ਸੜ ਕੇ ਮੌਤ ਹੋ ਗਈ। ਮਾਪਿਆਂ ਦਾ ਦੋਸ਼ ਹੈ ਕਿ ਅੰਸ਼ਿਕਾ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਲਟਕਾਇਆ ਗਿਆ ਸੀ। ਅੱਗ ’ਤੇ ਜਦੋਂ ਤੜਕੇ ਕਰੀਬ 3 ਵਜੇ ਕਾਬੂ ਪਾ ਕੇ ਘਰ ਦੀ ਤਲਾਸ਼ੀ ਲਈ ਗਈ ਤਾਂ ਅੰਸ਼ਿਕਾ ਦੇ ਸਹੁਰੇ ਰਾਜਿੰਦਰ ਕੇਸਰਵਾਨੀ (65) ਅਤੇ ਸੱਸ ਸ਼ੋਭਾ ਦੇਵੀ (62) ਦੀ ਲਾਸ਼ ਮਿਲੀ।
ਸਿੱਧੂ ਫਿਰ ਕੁਮੈਂਟਰੀ ਕਰਨਗੇ
ਚੰਡੀਗੜ੍ਹ : ਨਵਜੋਤ ਸਿੰਘ ਸਿੱਧੂ ਫਿਰ ਕਿ੍ਰਕਟ ਕੁਮੈਂਟੇਟਰ ਵਜੋਂ ਆਪਣੀ ਪਾਰੀ ਸ਼ੁਰੂ ਕਰ ਰਹੇ ਹਨ। ਉਹ ਇੰਡੀਅਨ ਪ੍ਰੀਮੀਅਰ ਲੀਗ (ਆਈ ਪੀ ਐੱਲ) ਦੀ ਕੁਮੈਂਟਰੀ ਕਰਨਗੇ।




