ਮਾਈਨਿੰਗ ਮਾਫੀਆ ਜਨਾਰਦਨ ਰੈਡੀ ਮੁੜ ਭਾਜਪਾ ਵਿਚ ਸ਼ਾਮਲ ਹੋ ਗਿਆ ਹੈ | ਉਹ ਕੋਈ ਮਾਮੂਲੀ ਬੰਦਾ ਨਹੀਂ | ਭਾਜਪਾ ਵਿਚ ਰਹਿੰਦਿਆਂ ਉਸ ਨੇ ਖੂਬ ਮਾਲ ਕਮਾਇਆ | ਮਰਹੂਮ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ, ਜਿਸ ਨੇ ਖੁਦ ਕਰਨਾਟਕ ਵਿਚ ਸੋਨੀਆ ਗਾਂਧੀ ਖਿਲਾਫ ਲੋਕ ਸਭਾ ਚੋਣ ਲੜੀ ਸੀ, ਦੀ ਰੈਡੀ ‘ਤੇ ਕਾਫੀ ਮਿਹਰਬਾਨੀ ਰਹੀ, ਪਰ ਜਦੋਂ ਰੈਡੀ ਦੀ ਤਾਕਤ ਤੇ ਭਿ੍ਸ਼ਟਾਚਾਰ ਦੀ ਕਹਾਣੀ ਪਾਰਟੀ ਨੂੰ ਬਦਨਾਮ ਕਰਨ ਲੱਗੀ ਤਾਂ ਸੁਸ਼ਮਾ ਨੇ ਵੀ ਹੱਥ ਖਿੱਚ ਲਏ | ਰੈਡੀ ਨੂੰ ਵਾਪਸ ਲਿਆ ਕੇ ਭਾਜਪਾ ਨੇ ਕੋਈ ਸ਼ਰਮ ਨਹੀਂ ਕੀਤੀ | ਕਰੇ ਵੀ ਕਿਉਂ | ਰੈਡੀ ਦੀ ਵਾਪਸੀ ਨੂੰ ਹਿਮੰਤਾ ਬਿਸਵਾ ਸ਼ਰਮਾ, ਸ਼ੁਭੇਂਦੂ ਅਧਿਕਾਰੀ, ਛਗਨ ਭੁਜਬਲ, ਅਜੀਤ ਪਵਾਰ, ਅਸ਼ੋਕ ਚਵਾਨ, ਨਾਰਾਇਣ ਰਾਣੇ ਤੇ ਹਾਰਦਿਕ ਪਟੇਲ ਦੀ ਕੜੀ ਵਿਚ ਹੀ ਦੇਖਣਾ ਚਾਹੀਦਾ ਹੈ | ਕਰਨਾਟਕ ਦੇ ਯੇਦੀਯੁਰੱਪਾ ਦੀ ਕਹਾਣੀ ਵੀ ਸਭ ਜਾਣਦੇ ਹਨ | ਕਾਫੀ ਬਦਨਾਮ ਨੇਤਾ ਰਹੇ, ਮੁੱਖ ਮੰਤਰੀ ਵੀ ਰਹੇ | ਪਾਰਟੀ ਤੋਂ ਅੱਡ ਵੀ ਹੋਏ | ਆਪਣੀ ਪਾਰਟੀ ਵੀ ਬਣਾਈ | ਚੋਣ ਲੜੇ, ਗੱਲ ਨਹੀਂ ਬਣੀ ਤਾਂ ਫਿਰ ਭਾਜਪਾ ਵਿਚ ਸਮਾ ਗਏ | ਫਿਰ ਮੁੱਖ ਮੰਤਰੀ ਬਣ ਗਏ | ਜਿਸ ਤਰ੍ਹਾਂ ਯੇਦੀਯੁਰੱਪਾ ਉੱਤੇ ਲੱਗੇ ਭਿ੍ਸ਼ਟਾਚਾਰ ਦੇ ਦੋਸ਼ ਭਾਜਪਾ ਦੀ ਵਾਸ਼ਿੰਗ ਮਸ਼ੀਨ ਵਿਚ ਧੁਲ ਗਏ, ਉਸੇ ਤਰ੍ਹਾਂ ਰੈਡੀ ਦੇ ਵੀ ਧੁਲ ਜਾਣਗੇ | ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਕੇਂਦਰੀ ਏਜੰਸੀਆਂ ਉਸ ਨੂੰ ਕਿੰਨੀ ਛੇਤੀ ਕਲੀਨ ਚਿੱਟ ਦਿੰਦੀਆਂ ਹਨ | ਰੈਡੀ ਨੂੰ ਕਲੀਨ ਚਿੱਟ ਮਿਲਣ ‘ਤੇ ਕਿਸੇ ਨੂੰ ਹੈਰਾਨੀ ਨਹੀਂ ਹੋਵੇਗੀ | ਸੀ ਬੀ ਆਈ ਨੇ ਸ਼ਰਦ ਪਵਾਰ ਦਾ ਸਾਥ ਛੱਡ ਕੇ ਐੱਨ ਸੀ ਪੀ (ਅਜੀਤ) ਬਣਾ ਕੇ ਭਾਜਪਾ ਦੀ ਅਗਵਾਈ ਵਾਲੇ ਗੱਠਜੋੜ (ਐੱਨ ਡੀ ਏ) ਵਿਚ ਸ਼ਾਮਲ ਹੋਏ ਸਾਬਕਾ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਪ੍ਰਫੁਲ ਪਟੇਲ ਨੂੰ ਏਅਰ ਇੰਡੀਆ ਵਿਚ ਹੋਏ ਘਪਲਿਆਂ ਵਿਚ ਕਲੀਨ ਚਿੱਟ ਦੇ ਦਿੱਤੀ ਹੈ, ਜਦਕਿ ਈ ਡੀ ਨੇ ਮਈ 2019 ਵਿਚ ਸਪੈਸ਼ਲ ਕੋਰਟ ‘ਚ ਕਿਹਾ ਸੀ ਕਿ ਪਟੇਲ ਦਲਾਲ ਦੀਪਕ ਤਲਵਾੜ ਦਾ ਡੀਅਰ ਫਰੈਂਡ ਹੈ, ਜਿਸ ਨੇ 2008-09 ਵਿਚ ਏਅਰ ਇੰਡੀਆ ਦੇ ਮੁਨਾਫੇ ਵਾਲੇ ਰੂਟ ਨਿੱਜੀ ਕੰਪਨੀਆਂ ਨੂੰ ਦਿਵਾਉਣ ਵਿਚ ਅਹਿਮ ਰੋਲ ਅਦਾ ਕੀਤਾ ਸੀ |
ਭਾਜਪਾ ਨੂੰ ਉਮੀਦ ਹੈ ਕਿ ਰੈਡੀ ਦੇ ਆਉਣ ਨਾਲ ਉਹ ਮਜ਼ਬੂਤ ਹੋਵੇਗੀ ਤੇ ਵੱਡੀ ਜਿੱਤ ਹਾਸਲ ਕਰੇਗੀ | ਸਤੰਬਰ 2015 ਵਿਚ ਸੀ ਬੀ ਆਈ ਨੇ ਰੈਡੀ ਨੂੰ ਕਰਨਾਟਕ ਦੇ ਬੇਲਾਰੀ ਤੇ ਆਂਧਰਾ ਦੇ ਅਨੰਤਪੁਰ ਵਿਚ ਕਰੋੜਾਂ ਰੁਪਈਆਂ ਦੀ ਦੇਗ ਦੀ ਗੈਰਕਾਨੂੰਨੀ ਮਾਈਨਿੰਗ ਦੇ ਦੋਸ਼ ਵਿਚ ਗਿ੍ਫਤਾਰ ਵੀ ਕੀਤਾ ਸੀ | ਉਸ ‘ਤੇ ਬੇਲਾਰੀ, ਅਨੰਤਪੁਰ ਤੇ ਕਡੱਪਾ ਜਾਣ ‘ਤੇ ਰੋਕ ਵੀ ਲੱਗੀ ਸੀ | ਉਸ ਖਿਲਾਫ ਸੀ ਬੀ ਆਈ ਨੇ 9 ਕੇਸ ਦਰਜ ਕੀਤੇ ਹੋਏ ਹਨ | ਉਸ ਨੂੰ ਨਾਲ ਰਲਾ ਕੇ ਭਾਜਪਾ ਨੇ ਫਿਰ ਸਾਬਤ ਕਰ ਦਿੱਤਾ ਹੈ ਕਿ ਸੱਤਾ ਲਈ ਉਹ ਕਿਸੇ ਵੀ ਹੱਦ ਤੱਕ ਜਾ ਕੇ ਸਮਝੌਤੇ ਕਰ ਸਕਦੀ ਹੈ | ਰੈਡੀ ਨੇ ਭਾਜਪਾ ਵਿਚ ਆਉਣ ਬਾਅਦ ਜਿਹੜਾ ਬਿਆਨ ਦਿੱਤਾ ਹੈ, ਉਹ ਵੀ ਕਾਫੀ ਦਿਲਚਸਪ ਹੈ | ਉਸ ਨੇ ਕਿਹਾ-ਭਾਜਪਾ ਵਿਚ ਪਰਤ ਕੇ ਮੈਂ ਆਪਣੀ ਮਾਤਾ ਦੀ ਗੋਦ ਵਿਚ ਆ ਗਿਆ ਹਾਂ | ਆਪਣੀ ਜੜ੍ਹ ਨਾਲ ਜੁੜ ਗਿਆ ਹਾਂ | ਦਰਅਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ 400 ਤੋਂ ਵੱਧ ਸੀਟਾਂ ਜਿੱਤਣ ਦਾ ਨਾਅਰਾ ਰੈਡੀ ਵਰਗਿਆਂ ਦੇ ਸਹਾਰੇ ਹੀ ਬੁਲੰਦ ਕਰ ਰਹੇ ਹਨ |