ਦੇਹਰਾਦੂਨ : ਉੱਤਰਾਖੰਡ ਦੇ ਊਧਮ ਸਿੰਘ ਨਗਰ ਜ਼ਿਲ੍ਹੇ ’ਚ ਨਾਨਕਮੱਤਾ ਗੁਰਦੁਆਰੇ ਦੇ ਕਾਰ ਸੇਵਾ ਮੁਖੀ ਬਾਬਾ ਤਰਸੇਮ ਸਿੰਘ ਦੀ ਹੱਤਿਆ ਦੇ ਮਾਮਲੇ ’ਚ ਸੇਵਾਮੁਕਤ ਆਈ ਏ ਐੱਸ ਅਧਿਕਾਰੀ ਸਮੇਤ ਪੰਜ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।ਬਾਬਾ ਤਰਸੇਮ ਸਿੰਘ ਦੀ ਬੀਤੇ ਵੀਰਵਾਰ ਨੂੰ ਗੁਰਦੁਆਰੇ ਦੀ ਹਦੂਦ ਅੰਦਰ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।ਐੱਫ ਆਈ ਆਰ ’ਚ ਨਾਮਜ਼ਦ ਵਿਅਕਤੀਆਂ ’ਚ ਦੋ ਹਮਲਾਵਰਾਂ ਸਰਬਜੀਤ ਸਿੰਘ ਅਤੇ ਅਮਰਜੀਤ ਸਿੰਘ, ਸਾਬਕਾ ਆਈ ਏ ਐੱਸ ਅਧਿਕਾਰੀ ਹਰਬੰਸ ਸਿੰਘ ਚੁੱਘ, ਜੋ ਨਾਨਕਮੱਤਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਹਨ, ਬਾਬਾ ਅਨੂਪ ਸਿੰਘ ਅਤੇ ਪ੍ਰੀਤਮ ਸਿੰਘ ਸ਼ਾਮਲ ਹਨ। ਐੱਸ ਐੱਸ ਪੀ ਮੰਜੂ ਨਾਥ ਟੀਸੀ ਕਿਹਾ ਕਿ ਸ਼ੁੱਕਰਵਾਰ ਨੂੰ ਐੱਫ ਆਈ ਆਰ ਦਰਜ ਕੀਤੀ ਗਈ ਸੀ।ਸਰਬਜੀਤ ਸਿੰਘ ਪੰਜਾਬ ਦੇ ਤਰਨ ਤਾਰਨ ਦਾ ਰਹਿਣ ਵਾਲਾ ਹੈ, ਜਦਕਿ ਅਮਰਜੀਤ ਸਿੰਘ ਉੱਤਰ ਪ੍ਰਦੇਸ਼ ਦੇ ਰਾਮਪੁਰ ਦਾ ਰਹਿਣ ਵਾਲਾ ਹੈ।ਉਨ੍ਹਾਂ ’ਤੇ ਭਾਰਤੀ ਦੰਡਾਵਲੀ ਦੀ ਧਾਰਾ 302 (ਕਤਲ), 120ਬੀ (ਅਪਰਾਧਕ ਸਾਜ਼ਿਸ਼) ਅਤੇ 34 (ਸਾਂਝੇ ਇਰਾਦੇ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸੇਵਾ-ਮੁਕਤ ਆਈ ਏ ਐੱਸ ਅਧਿਕਾਰੀ ਸਮੇਤ ਤਿੰਨ ਹੋਰਨਾਂ ਨੂੰ ਐੱਫ ਆਈ ਆਰ ’ਚ ਨਾਮਜ਼ਦ ਕੀਤਾ ਗਿਆ ਹੈ।